Backfinco will provide loans ਚੰਡੀਗੜ੍ਹ : ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨੌਜਵਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਅਧੀਨ ਪੰਜਾਬ ਪਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋਂ) ਵੱਲੋਂ ਸਾਲ 2020-21 ਵਿੱਚ ਐਨ.ਬੀ.ਸੀ. ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਕਰਜ਼ਾ ਵੰਡਣ ਦਾ ਟੀਚਾ ਮਿੱਥਿਆ ਹੈ।
ਸਿਖਲਾਈ ਪ੍ਰਾਪਤ ਨੌਜਵਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਆਪਣਾ ਕਿੱਤਾ ਸ਼ੁਰੂ ਕਰਕੇ ਆਪਣਾ ਆਰਥਿਕ ਵਿਕਾਸ ਕਰ ਸਕਦੇ ਹਨ। ਬੈਕਫਿੰਕੋਂ ਵੱਲੋਂ ਪਛੜੀਆਂ ਸ਼੍ਰੇਣੀਆਂ ਵਰਗ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਵੀ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਿੱਤੀ। ਸਰਕਾਰ ਵੱਲੋਂ ਸੂਬੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਸਸਤੀਆਂ ਦਰਾਂ ’ਤੇ ਕਰਜ਼ਾ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਸਕੀਮ ਤਹਿਤ ਵਿਦਿਆਰਥੀ ਪੜਾਈ ਕਰਨ ਲਈ 4 ਫੀਸਦੀ ਵਿਆਜ ਦੀ ਦਰ ’ਤੇ ਕਰਜ਼ਾ ਲੈ ਸਕਦੇ ਹਨ। ਲੜਕੀਆਂ ਲਈ ਵਿਆਜ ਦੀ ਦਰ 3.5 ਫੀਸਦੀ ਸਲਾਨਾ ਰੱਖੀ ਗਈ ਹੈ। ਕਰਜ਼ੇ ਦੀ ਵਾਪਸੀ ਕੋਰਸ ਖਤਮ ਹੋਣ ਤੋਂ 6 ਮਹੀਨੇ ਬਾਅਦ ਮਹੀਨਾਵਾਰ ਕਿਸ਼ਤਾਂ ਵਿੱਚ 5 ਸਾਲਾਂ ਵਿੱਚ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਪੜਾਈ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆਂ ਕਰਨ ਦਾ ਉਪਬੰਧ ਵੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬੈਕਫਿੰਕੋਂ ਤੋਂ ਕਰਜ਼ਾ ਲੈਣ ਲਈ ਮੁੱਖ ਯੋਗਤਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਕਿੱਤਾਮੁਖੀ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਕਰਜ਼ੇ ਦੇਣ ਸਮੇਂ ਪਹਿਲ ਦਿੱਤੀ ਜਾਵੇਗੀ।