ਲੁਧਿਆਣਾ ਵਿੱਚ ਇੱਕ ਨਿੱਜੀ ਬੈਂਕ ਦੇ ਲੋਨ ਡਿਪਾਰਟਮੈਂਟ ਦਾ ਮੁਲਾਜ਼ਮ ਹੈਰੋਇਨ ਤਸਕਰ ਨਿਕਲਿਆ। ਸਪੈਸ਼ਲ਼ ਟਾਸਕ ਫੋਰਸ (STF) ਨੇ ਤਸਕਰ ਦੇ ਬੈਗ ਤੋਂ ਕਰੀਬ 86 ਲੱਖ ਰੁਪਏ ਕੀਮਤ ਦੀ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਦੀ ਪਛਾਣ ਅੰਮ੍ਰਿਤਸਰ ਦੇ ਮੁਹੱਲਾ ਖੰਡ ਵਾਲਾ ਲੇਬਰ ਕਾਲੋਨੀ ਨਿਵਾਸੀ ਮੁਨੀਸ਼ ਸ਼ਰਮਾ ਮਨੀ ਵਜੋਂ ਹੋਈ।
STF ਲੁਧਿਆਣਾ ਰੇਂਜ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਖਬਿਰ ਦੀ ਸੂਚਨਾ ‘ਤੇ ਮੁਨੀਸ਼ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ। ਬੈਗ ਵਿੱਚ ਹੈਰੋਇਨ ਦੀ ਵੱਡੀ ਖੇਪ ਲੁਕਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁਨੀਸ਼ ਸ਼ਰਮਾ ਇੰਡਸਇੰਡ ਬੈਂਕ ਪੱਖੋਵਾਲ ਰੋਡ ਲੁਧਿਆਣਾ ਵਿੱਚ ਲੋਨ ਡਿਪਾਰਟਮੈਂਟ ਵਿੱਚ ਕੰਮ ਕਰਦਾ ਸੀ। ਇਸ ਦੀ ਆੜ ਵਿੱਚ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਸੀ। ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਤੋਂ ਸਸਤੀ ਕੀਮਤ ‘ਤੇ ਹੈਰੋਇਨ ਲੈ ਕੇ ਲੁਧਿਆਣਾ ਵਿੱਚ ਮਹਿੰਗੀਆਂ ਕੀਮਤਾਂ ‘ਤੇ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਕੈਬਨਿਟ ‘ਚ ਵੱਖ-ਵੱਖ ਵਿਭਾਗਾਂ ‘ਚ ਨਵੀਆਂ ਅਸਾਮੀਆਂ ਭਰਨ ਨੂੰ ਹਰੀ ਝੰਡੀ
ਦੋਸ਼ੀ ਮੁਨੀਸ਼ ਸ਼ਰਮਾ ਬਾਈਕ ‘ਤੇ ਲੁਹਾਰਾ ਤੋਂ ਈਸ਼ਗਰ ਨਗਰ ਪੁਲੀ ਵੱਲੋਂ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। STF ਦੇ ਡੀਐੱਸਪੀ ਅਜੈ ਕੁਮਾਰ ਦੀ ਅਗਵਾਈ ਵਿੱਚ ਟੀਮ ਨੇ ਉਸ ਨੂੰ ਕਾਬੂ ਕੀਤਾ। ਕਾਲੇ ਰੰਗ ਦੇ ਬੈਗ ਦੀ ਤਲਾਸ਼ੀ ਲੈਣ ‘ਤੇ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਕਈ ਵੱਡੇ ਤਸਕਰਾਂ ਦਾ ਨਾਂ ਸਾਹਮਣੇ ਆਉਣ ਦੀ ਉਮੀਦ ਹੈ।