ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਬਲਾਕ ਮਮਦੋਟ, ਫ਼ਿਰੋਜ਼ਪੁਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਨੂੰ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੇ ਪਿੰਡ ਦੇ ਸਰਪੰਚ ਤੋਂ ਰਿਸ਼ਵਤ ਦੀ ਮੰਗ ਕੀਤੀ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਮੁਲਜ਼ਮ ਪਿੰਡ ਦੇ ਕੰਮਾਂ ਦੀ ਪ੍ਰਵਾਨਗੀ ਵਿੱਚ ਦੇਰੀ ਕਰਦਾ ਸੀ। ਦੋਸ਼ੀ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ। ਵਿਜੀਲੈਂਸ ਨੇ ਮਾਮਲਾ ਦਰਜ ਕਰ ਲਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਤੋਂ ਬਾਅਦ ਦੋਸ਼ੀ ਬੀ.ਡੀ.ਪੀ.ਓ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਬਲਾਕ ਮਮਦੋਟ ਦੇ ਪਿੰਡ ਕੋਠੇ ਕਿਲੀ ਵਾਲਾ ਦੇ ਸਰਪੰਚ ਪਿੱਪਲ ਸਿੰਘ, ਪਿੰਡ ਮੁਹੰਮਦ ਖਾਨ ਨਿਆਜ਼ੀਆਂ ਦੇ ਸਰਪੰਚ ਪ੍ਰਗਟ ਸਿੰਘ, ਪਿੰਡ ਗੱਟੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ, ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ, ਸਰਪੰਚ ਸਰਜੀਤ ਸਿੰਘ, ਸਰਪੰਚ ਗੱਟੀ ਮਸਤਾ ਨੰਬਰ 01 ਅਤੇ ਪਰਮਜੀਤ ਸਿੰਘ ਸਰਪੰਚ ਪਿੰਡ ਕੋਟ ਬਿਸ਼ਨ ਸਿੰਘ ਮਾਨਾਵਾਲਾ ਨੇ ਜਾਂਚ ਅਧਿਕਾਰੀ ਅੱਗੇ ਗਵਾਹੀ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਬੀ.ਡੀ.ਪੀ.ਓ ਨੇ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਚਾਇਤ ਤੋਂ ਰਿਸ਼ਵਤ ਲਈ ਸੀ।
ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਉਸ ਨੂੰ ਰਿਸ਼ਵਤ ਨਾ ਦਿੱਤੀ ਗਈ ਤਾਂ ਉਹ ਪਿੰਡ ਦੇ ਕੰਮਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਰੀ ਕਰ ਦੇਵੇਗਾ। ਜਾਂਚ ਦੌਰਾਨ ਇਹ ਵੀ ਦਰਜ ਹੋਇਆ ਕਿ ਪਿੰਡ ਬਸਤੀ ਦੂਲਾ ਸਿੰਘ ਵਿੱਚ ਜ਼ੀਰੋ ਲਾਈਨ ’ਤੇ ਕੀਤੇ ਗਏ ਕੰਮ ਦੀ ਅਦਾਇਗੀ ਦੇ ਬਦਲੇ ਸਰਪੰਚ ਜਸਵੰਤ ਸਿੰਘ ਨੇ ਬੀਡੀਪੀਓ ਸਰਬਜੀਤ ਸਿੰਘ ਦੇ ਮੋਬਾਈਲ ਐਪ ’ਤੇ ਆਪਣੇ ਆਈਸੀਆਈਸੀਆਈ ਬੈਂਕ ਵਿੱਚੋਂ ਗੂਗਲ ਪੇਅ ਰਾਹੀਂ ਦੋ ਵਾਰ 30 ਹਜ਼ਾਰ ਅਤੇ 5,000 ਰੁਪਏ ਟਰਾਂਸਫਰ ਕੀਤੇ।
ਉਕਤ ਸਰਪੰਚ ਨੇ ਅੱਗੇ ਦੋਸ਼ ਲਾਇਆ ਕਿ ਉਸ ਨੇ ਹਾਲ ਹੀ ਵਿੱਚ ਉਕਤ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਬਦਲੇ 10,000 ਰੁਪਏ ਹੋਰ ਬੀਡੀਪੀਓ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਤੱਕ ਉਹ ਡਰ ਅਤੇ ਲਾਚਾਰੀ ਕਾਰਨ ਉਕਤ ਅਧਿਕਾਰੀ ਨੂੰ ਰਿਸ਼ਵਤ ਦੇ ਰਹੇ ਸਨ ਪਰ ਹੁਣ ਉਹ ਰਿਸ਼ਵਤ ਦੇ ਕੇ ਕੰਮ ਕਰਵਾਉਣਾ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ : ਲੋਹੜੀ ਮਨਾਉਣ ਜਾ ਰਹੀਆ ਕੁੜੀਆਂ ਨਾਲ ਵਾਪਰਿਆ ਭਾ.ਣਾ, ਇੱਕ ਦੀ ਮੌ.ਤ, 2 ਹਸਪਤਾਲ ‘ਚ ਭਰਤੀ
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਭੁਗਤਾਨ ਅਤੇ ਬੈਂਕ ਖਾਤੇ ਦੇ ਵੇਰਵਿਆਂ ਦੇ ਸਕਰੀਨ ਸ਼ਾਟ ਪੇਸ਼ ਕੀਤੇ ਹਨ। ਸਰਪੰਚਾਂ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੇ ਮਾਮਲੇ ਵਿੱਚ ਬੀ.ਡੀ.ਪੀ.ਓ ਨੂੰ ਦੋਸ਼ੀ ਪਾਉਂਦੇ ਹੋਏ ਉਸ ਦੇ ਖਿਲਾਫ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।