Biba Badal thanked : ਗ੍ਰਹਿ ਮੰਤਰਾਲਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (FCRA), 2010 ਅਧੀਨ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਹੁਣ ਗੁਰੂ ਘਰ ਨੂੰ ਵਿਦੇਸ਼ਾਂ ਤੋਂ ਵੀ ਪੈਸਾ ਮਿਲ ਸਕੇਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਫਾਰਨ ਕੰਟ੍ਰੀਬਿਊਸ਼ਨ (ਰੈਗੂਲੇਸ਼ਨ) ਐਕਟ (ਐਫ ਸੀ ਆਰ ਏ) ਤਹਿਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਦੀ ਪ੍ਰਵਾਨਗੀ ਦੇ ਕਿ ਐਨ ਡੀ ਏ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ। ਆਪਣੇ ਬਿਆਨ ‘ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਕਦਮ ਦੀ ਬਦੌਲਤ ਹੁਣ ਸੰਗਤ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਆਪਣੀ ਸੇਵਾ (ਦਸਵੰਧ) ਦੇ ਰੂਪ ਵਿਚ ਦੇ ਸਕੇਗੀ ਤੇ ਇਸ ਨਾਲ ਮਨੁੱਖਤਾ ਦੀ ਸੇਵਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ ਫੈਸਲੇ ਲਈ ਧੰਨਵਾਦ ਕੀਤਾ।
ਬੀਬਾ ਬਾਦਲ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਮੈਨੂੰ ਮੰਗ ਪੱਤਰ ਮਿਲਣ ਤੋਂ ਬਾਅਦ ਇਹ ਕੇਸ ਮੈਂ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਅੱਗੇ ਰੱਖਿਆ ਤੇ ਇਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ਆਰ ਸੀ ਆਰ ਏ ਦੀ ਪ੍ਰਵਾਨਗੀ ‘ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਦਰਬਾਰ ਸਾਹਿਬ ਪੰਜਾਬ ਐਸੋਸੀਏਸ਼ਨ’, ਜਿਸਦੀ ਸਥਾਪਨਾ 1925 ਵਿਚ ਹੋਈ ਸੀ, ਦੇ ਨਾਂ ’ਤੇ ਦਿੱਤੀ ਗਈ ਹੈ। ਬਾਦਲ ਨੇ ਇਸ ਫੈਸਲੇ ਲਈ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਜੀ ਐਸ ਟੀ ਰੀਫੰਡ ਦੇ ਸੂਬੇ ਦੇ ਹਿੱਸੇ ਦੇ 2017 ਤੋਂ ਪੈਂਡਿੰਗ ਪਏ 3.2 ਕਰੋੜ ਰੁਪਏ ਵੀ ਜਾਰੀ ਕਰ ਦੇਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਮੇਂ ਸਮੇਂ ’ਤੇ ਆਪਣੇ ਹਿੱਸੇ ਦਾ ਜੀ ਐਸ ਟੀ ਰੀਫੰਡ ਜਾਰੀ ਕਰ ਰਹੀ ਹੈ ਪਰ ਸੂਬੇ ਦੇ ਹਿੱਸੇ ਦਾ ਰੀਫੰਡ ਪੈਂਡਿੰਗ ਹੈ। ਪੈਂਡਿੰਗ ਬਕਾਏ ਕਾਰਨ ਗੁਰੂ ਘਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮੇਰੀ ਅਪੀਲ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਂਡਿੰਗ ਬਕਾਏ ਜਲਦ ਤੋਂ ਜਲਦ ਦਿੱਤੇ ਜਾਣ।