ਸਰਕਾਰੀ ਅਫਸਰ ਤੋਂ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਬਠਿੰਡਾ ਪੁਲਿਸ ਨੇ 9 ਕਿਸਾਨਾਂ ਉੱਪਰ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਦੋ ਹਿਰਾਸਤ ਵਿੱਚ ਲੈ ਲਏ ਗਏ ਹਨ, ਜਦਕਿ ਬਾਕੀ ਦੇ ਕਿਸਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੇ ਹੱਕ ਵਿੱਚ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵੀ ਪੁਲਿਸ ਨੇ 107 /151 ਧਾਰਾ ਅਧੀਨ ਹਿਰਾਸਤ ਵਿੱਚ ਲੈ ਲਿਆ।
ਐਸਐਸਪੀ ਬਠਿੰਡਾ ਨੇ ਦੱਸਿਆ ਕਿ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਸੱਤ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ 32 ਲੋਕਾਂ ਖਿਲਾਫ ਥਾਣੇ ਦਾ ਘਿਰਾਓ ਉਤੇ ਨੈਸ਼ਨਲ ਹਾਈਵੇ ਰੋਕਣ ਦੇ ਸਬੰਧ ਵਿੱਚ 107/151 ਦੀਆਂ ਜ਼ਮਾਨਤਾਂ ਕਰਵਾਈਆਂ ਹਨ। ਉਨ੍ਹਾਂ ਕਿਸਾਨ ਯੂਨੀਅਨ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਲੋਕਾਂ ਦਾ ਸਾਥ ਨਾ ਦੇਣ।
ਜ਼ਿਕਰਯੋਗ ਹੈ ਕਿ ਬੁਰਜ ਮਹਿਮਾ ਪਿੰਡ ਵਿਚ ਖੇਤਾਂ ਵਿਚ ਪਈ ਪਰਾਲੀ ਸਾੜਨ ਨਾਲ ਪ੍ਰਸ਼ਾਸਨ ਦੀ ਟੀਮ ਰੋਕਣ ਪਹੁੰਚੀ ਸੀ। ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਪ੍ਰਸ਼ਾਸਨ ਦੀ ਟੀਮ ਨੂੰ ਘੇਰ ਲਿਆ। ਇਸ ਦਰਮਿਆਨ ਕਿਸਾਨਾਂ ਨੇ ਅਧਿਕਾਰੀ ਨੂੰ ਬੰਧਕ ਬਣਾ ਲਿਆ ਤੇ ਕਾਫੀ ਦੇਰ ਬਾਅਦ ਬਹਿਸ ਦੇ ਬਾਅਦ ਕਿਸਾਨਾਂ ਨੇ ਪ੍ਰਸ਼ਾਸਨ ਦੀ ਟੀਮ ਦੇ ਅਧਿਕਾਰੀਆਂ ਤੋਂ ਪਰਾਲੀ ਵਿਚ ਅੱਗ ਲਗਵਾਈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਲਰ ਵੀ ਕਰ ਦਿੱਤੀ।
ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਦੇ 500 ਮੀਟਰ ਏਰੀਆ ‘ਚ ਡਰੋਨ ‘ਤੇ ਪਾਬੰਦੀ, ਧਾਰਾ 144 ਦੇ ਤਹਿਤ DC ਦੇ ਹੁਕਮ
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ਼ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ, ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ ‘ਤੇ ਤੁਰ ਪਏ ?? ਸਰਕਾਰੀ ਕਰਮਚਾਰੀ ਪਰਾਲ਼ੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ। ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ। ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ ‘ਚ ਤੀਲੀਆਂ ਲੈ ਕੇ ਅਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖਤਮ ਕਰਨ ਲੱਗੇ ਹਾਂ…ਪਰਚਾ ਦਰਜ ਹੋਣ ਲੱਗਾ ਹੈ। CM ਮਾਨ ਦੇ ਹੁਕਮਾਂ ਦੇ ਬਾਅਦ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 9 ਕਿਸਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ : –