ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ‘ਚ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲੋਨੀ ਥਾਣੇ ਦੇ ਅਧੀਨ ਪੈਂਦੇ ਰੂਪਨਗਰ ਕਾਲੋਨੀ ‘ਚ ਜ਼ੋਰਦਾਰ ਧਮਾਕੇ ਨਾਲ ਇਕ ਤਿੰਨ ਮੰਜ਼ਿਲਾ ਮਕਾਨ ਢਹਿ ਢੇਰੀ ਹੋ ਗਿਆ। ਇਸ ਦੌਰਾਨ ਘਰ ਦੇ ਅੰਦਰ ਮੌਜੂਦ ਪੰਜ ਵਿਅਕਤੀ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗਾਰਟਰ ਦੀਆਂ ਸਲੈਬਾਂ ਨਾਲ ਬਣਿਆ ਇਹ ਤਿੰਨ ਮੰਜ਼ਿਲਾ ਘਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਇਸ ਦੀ ਇਕ-ਇਕ ਇੱਟ ਵੀ ਵੱਖ ਹੋ ਗਈ। ਹਾਲਾਂਕਿ ਇਸ ਘਟਨਾ ‘ਚ ਆਸ-ਪਾਸ ਦੇ ਘਰਾਂ ਨੂੰ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ 200 ਮੀਟਰ ਦੂਰ ਤੱਕ ਸੁਣਾਈ ਦਿੱਤੀ, ਜਿਸ ‘ਤੇ ਲੋਕ ਇੱਕਦਮ ਦਹਿਲ ਉਠੇ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਮਕਾਨ ਸ਼ਕੀਲ ਨਾਂ ਦੇ ਵਿਅਕਤੀ ਦਾ ਹੈ, ਜਿਸ ਨੇ ਇਸ ਨੂੰ ਇਮਰਾਨ ਨਾਂ ਦੇ ਵਿਅਕਤੀ ਨੂੰ ਕਿਰਾਏ ‘ਤੇ ਦਿੱਤਾ ਸੀ।
ਜਾਣਕਾਰੀ ਮੁਤਾਬਕ ਲੋਨੀ ਦੇ ਰੂਪਨਗਰ ‘ਚ ਧਮਾਕੇ ਨਾਲ ਮਕਾਨ ਡਿੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਕਰਮੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਘੰਟਿਆਂ ਤੱਕ ਚੱਲੇ ਅਤੇ ਜੇ.ਸੀ.ਬੀ ਦੀ ਮਦਦ ਨਾਲ ਮਲਬੇ ਹੇਠ ਦੱਬੇ 5 ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਜੀਟੀਬੀ ਹਸਪਤਾਲ ਦਿੱਲੀ ਲਿਜਾਇਆ ਗਿਆ, ਜਿੱਥੇ ਦੋ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਤੋਹਫਾ, ਏਸ਼ੀਆਈ ਖੇਡਾਂ ‘ਚ ਹਿੱਸਾ ਲੈ ਰਹੇ 58 ਖਿਡਾਰੀਆਂ ਲਈ 4.64 ਕਰੋੜ ਦੀ ਰਕਮ ਕੀਤੀ ਜਾਰੀ
ਤੁਹਾਨੂੰ ਦੱਸ ਦੇਈਏ ਕਿ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਰ ਦੇ ਅੰਦਰ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਕੁਝ ਲੋਕਾਂ ਨੇ ਸਿਲੰਡਰ ਫਟਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਇਹ ਧਮਾਕਾ ਕਿਉਂ ਅਤੇ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਇਹ ਸਭ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਅਤੇ ਫਾਇਰ ਕਰਮੀਆਂ ਦੇ ਨਾਲ ਸੀਨੀਅਰ ਅਧਿਕਾਰੀ ਮੌਜੂਦ ਹਨ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: