ਦੇਸ਼ ਵਿਚ ਅੱਜ ਆਮ ਬਜਟ ਪੇਸ਼ ਕੀਤਾ ਜਾਵੇਗਾ ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਪੇਸ਼ ਕਰਨਗੇ। ਬਜਟ ਨੂੰ ਲੈ ਕੇ ਆਮ ਜਨਤਾ ਤੇ ਉਦਯੋਗ ਜਗਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਇਸ ਦੇ ਨਾਲ ਹੀ ਕੁਝ ਅਹਿਮ ਬਦਲਾਅ ਵੀ ਅੱਜ ਤੋਂ ਲਾਗੂ ਹੋ ਰਹੇ ਹਨ ਜੋਹਰ ਘਰ ਤੇ ਜੇਬ ‘ਤੇ ਅਸਰ ਪਾ ਸਕਦੇ ਹਨ।
ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਆਇਲ ਮਾਰਕੀਟਿੰਗ ਕੰਪਨੀਆਂ LPG ਗੈਸ ਸਿਲੰਡਰਾਂ ਦੇ ਰੇਟਾਂ ਦੀ ਸਮੀਖਿਆ ਕਰਦੀਆਂ ਹਨ। ਬੀਤੇ ਕੁਝ ਮਹੀਨਿਆਂ ਵਿਚ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਈ ਬਦਲਾਅ ਹੋਏ ਹਨ ਜਦੋਂ ਕਿ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੇ ਰੇਟ ਸਥਿਰ ਬਣੇ ਹੋਏ ਹਨ। 1 ਫਰਵਰੀ ਯਾਨੀ ਅੱਜ ਨਵੀਆਂ ਦਰਾਂ ਜਾਰੀ ਹੋਣ ਦੀ ਉਮੀਦ ਹੈ ਜਿਸ ਨਾਲ ਘਰੇਲੂ ਉਪਭੋਗਤਾਵਾਂ ਨੂੰ ਰਾਹਤ ਮਿਲ ਸਕਦੀ ਹੈ ਜਾਂ ਫਿਰ ਕੀਮਤਾਂ ਵਿਚ ਵਾਧੇ ਦੀ ਸੰਭਾਵਨਾ ਹੈ।
ਏਅਰ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿਚ ਸੋਧ
ਮਹਾਕੁੰਭ 2025 ਦੇ ਚੱਲਦੇ ਪ੍ਰਯਾਗਰਾਜ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਹਵਾਈ ਕਿਰਾਏ ਵਿਚ ਵਾਧਾ ਦੇਖਿਆ ਗਿਆ ਜਿਸ ਦੇ ਬਾਅਦ ਸਰਕਾਰ ਤੇ ਡੀਜੀਸੀਏ ਨੂੰ ਦਖਲ ਕਰਨਾ ਪਿਆ। 1 ਫਰਵਰੀ ਤੋਂ ਆਇਲ ਮਾਰਕੀਟਿੰਗ ਕੰਪਨੀਆਂ ATF ਦੇ ਰੇਟਾਂ ਵਿਚ ਸੋਧ ਕਰਨਗੀਆਂ। ਬੀਤੇ ਮਹੀਨਿਆਂ ਵਿਚ ਏਟੀਐੱਫ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਸੀ ਤੇ ਇਸ ਵਾਰ ਵੀ ਅਜਿਹੀ ਉਮੀਦ ਪ੍ਰਗਟਾਈ ਜਾ ਰਹੀ ਹੈ। ਜੇਕਰ ਰੇਟ ਘੱਟਦੇ ਹਨ ਤਾਂ ਹਵਾਈ ਯਾਤਰਾ ਕਰਨਾ ਸਸਤਾ ਹੋ ਸਕਦਾ ਹੈ ਤੇ ਜੇਕਰ ਵਧਦੇ ਹਨ ਤਾਂ ਯਾਤਰੀਆਂ ਦੀ ਜੇਬ ‘ਤੇ ਅਸਰ ਪਵੇਗਾ।
UPI ਟ੍ਰਾਂਜੈਕਸ਼ਨ ਦੇ ਨਿਯਮਾਂ ਵਿਚ ਬਦਲਾਅ
ਯੂਪੀਆਈ ਪੇਮੈਂਟ ਨਾਲ ਜੁੜਿਆ ਇਕ ਨਵਾਂ ਨਿਯਮ 1 ਫਰਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂਪੀਆਈ ਟ੍ਰਾਂਜੈਕਸ਼ਨ ਆਈਡੀ ਨੂੰ ਸਟੈਂਡਰਾਈਜਡ ਕਰਨ ਦਾ ਫੈਸਲਾ ਲਿਆ ਹੈ। ਹੁਣ ਸਿਰਫ ਅਲਫਾ ਨਿਊਮੇਰਿਕ ਕੈਰੇਕਟਰਸ ਵਾਲੀ ਆਈਡੀ ਨਾਲ ਹੀ ਟ੍ਰਾਂਜੈਕਸ਼ਨ ਹੋਣਗੇ। ਜੇਕਰ ਕਿਸੇ ਐਪ ਦੀ ਟ੍ਰਾਂਜੈਕਸ਼ਨ ਆਈਡੀ ਵਿਚ ਸਪੈਸ਼ਲ ਕੈਰੇਕਟਰਸ ਹੋਣਗੇ ਤਾਂ ਉਹ ਪੇਮੈਂਟ ਰੱਦ ਕਰ ਦਿੱਤੀ ਜਾਵੇਗੀ।
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ 1 ਫਰਵਰੀ ਤੋਂ ਆਪਣੀਆਂ ਕਈ ਕਾਰਾਂ ਦੇ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਇਸ ਵਿਚ ਆਲਟੋ ਕੇ1, ਐੱਸ-ਪ੍ਰੇਸੋ, ਸੇਲੇਰਿਓ, ਵੈਗਨ ਆਰ, ਸਵਿਫਟ, ਡਿਜਾਇਰ, ਬ੍ਰੇਜਾ, ਬਲੇਨੋ, ਸਿਆਜ ਆਦਿ ਸ਼ਾਮਲ ਹਨ। ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਇਸ ਵਿਚ ਬਦਲਾਅ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।
ਬੈਂਕਿੰਗ ਨਿਯਮਾਂ ਵਿਚ ਬਦਲਾਅ
ਕੋਟਕ ਮਹਿੰਦਰਾ ਬੈਂਕ ਨੇ ਅੱਜ ਤੋਂ ਆਪਣੇ ਬੈਂਕਿੰਗ ਨਿਯਮਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਤਹਿਤ ਏਟੀਐੱਮ ਟ੍ਰਾਂਜੈਕਸ਼ਨ ਦੀ ਫ੍ਰੀ ਲਿਮਿਟ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਤੇ ਕੁਝ ਹੋਰ ਸੇਵਾਵਾਂ ‘ਤੇ ਫੀਸ ਵਧਾਏ ਜਾਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਕੋਟਕ ਮਹਿੰਦਰਾ ਦੇ ਗਾਹਕ ਹੋ ਤਾਂ ਇਨ੍ਹਾਂ ਨਵੇਂ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੇ ਬੈਂਕਿੰਗ ਖਰਚਿਆਂ ‘ਤੇ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
