Air India reduces monthly allowances: ਏਅਰ ਇੰਡੀਆ ਦੇ ਕਰਮਚਾਰੀਆਂ ਦੇ ਮਾੜੇ ਦਿਨ ਖਤਮ ਨਹੀਂ ਹੋ ਰਹੇ। ਇੱਕ ਵਾਰ ਫਿਰ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੇ ਮਾਸਿਕ ਭੱਤੇ 50 ਪ੍ਰਤੀਸ਼ਤ ਤੱਕ ਘਟਾ ਦਿੱਤੇ ਗਏ ਹਨ। ਪਾਇਲਟਾਂ ਦੇ ਭੱਤਿਆਂ ਵਿੱਚ ਵੀ 40 ਪ੍ਰਤੀਸ਼ਤ ਦੀ ਭਾਰੀ ਕਟੌਤੀ ਕੀਤੀ ਗਈ ਹੈ। ਏਅਰ ਇੰਡੀਆ ਵੱਲੋਂ 22 ਜੁਲਾਈ ਨੂੰ ਜਾਰੀ ਇੱਕ ਅੰਦਰੂਨੀ ਆਦੇਸ਼ ਵਿੱਚ ਇਸ ਕਟੌਤੀ ਦੀ ਜਾਣਕਾਰੀ ਦਿੱਤੀ ਗਈ ਹੈ । ਇਸ ਆਦੇਸ਼ ਵਿੱਚ ਇਹ ਕਿਹਾ ਗਿਆ ਹੈ ਕਿ 25 ਹਜ਼ਾਰ ਤੋਂ ਮਹੀਨਾਵਾਰ ਕੁੱਲ ਤਨਖਾਹ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੇ ਮਹੀਨਾਵਾਰ ਭੱਤੇ ਵਿੱਚ 50 ਪ੍ਰਤੀਸ਼ਤ ਤੱਕ ਦੀ ਕਟੌਤੀ ਕੀਤੀ ਜਾਵੇਗੀ। ਆਦੇਸ਼ ਅਨੁਸਾਰ ਕਰਮਚਾਰੀਆਂ ਦੀ ਮੁੱਢਲੀ ਤਨਖਾਹ ਅਤੇ ਉਦਯੋਗਿਕ ਮਹਿੰਗਾਈ ਭੱਤਾ (IDA) ਅਤੇ ਹਾਊਸ ਰੈਂਟ ਅਲਾਓਂਸ (HRA) ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਏਅਰ ਇੰਡੀਆ ਦੇ ਕਰਮਚਾਰੀਆਂ ਦੇ ਭੱਤਿਆਂ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ।
ਆਦੇਸ਼ ਅਨੁਸਾਰ ਜਨਰਲ ਕੈਟੇਗਰੀ ਦੇ ਅਧਿਕਾਰੀਆਂ ਨੂੰ ਉਪਰੋਕਤ ਤੋਂ ਇਲਾਵਾ ਹੋਰ ਸਾਰੇ ਭੱਤਿਆਂ ਵਿੱਚ 50 ਪ੍ਰਤੀਸ਼ਤ ਕਟੌਤੀ ਕੀਤੀ ਜਾਵੇਗੀ। ਇਸੇ ਤਰ੍ਹਾਂ, ‘ਜਨਰਲ ਸ਼੍ਰੇਣੀ ਦੇ ਸਟਾਫ ਅਤੇ ਆਪਰੇਟਰ ਦੇ ਮਹੀਨਾਵਾਰ ਭੱਤੇ ਵਿੱਚੋਂ 30 ਪ੍ਰਤੀਸ਼ਤ ਤੱਕ ਦੀ ਕਟੌਤੀ ਕੀਤੀ ਜਾਵੇਗੀ। ਕੈਬਿਨ ਚਾਲਕ ਮੈਂਬਰਾਂ ਦੇ ਹੋਰ ਸਾਰੇ ਅਲਾਊਂਸ ਵਿੱਚ 20 ਪ੍ਰਤੀਸ਼ਤ ਤੱਕ ਦੀ ਕਟੌਤੀ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਏਅਰ ਇੰਡੀਆ ਪਹਿਲਾਂ ਹੀ ਇੱਕ ਡੁਬਦੀ ਕੰਪਨੀ ਹੈ ਅਤੇ ਇੱਥੇ ਕੋਰੋਨਾ ਸੰਕਟ ਕਾਰਨ ਹਵਾਬਾਜ਼ੀ ਖੇਤਰ ਦੀ ਸਥਿਤੀ ਵੀ ਬਹੁਤ ਮਾੜੀ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਹਵਾਬਾਜ਼ੀ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕਰ ਰਹੀਆਂ ਹਨ। ਕਈ ਏਅਰਲਾਈਨਾਂ ਨੇ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਛੁੱਟੀ ‘ਤੇ ਭੇਜਿਆ ਹੈ। ਏਅਰ ਇੰਡੀਆ ਲਗਭਗ 70,000 ਕਰੋੜ ਰੁਪਏ ਦੇ ਘਾਟੇ ‘ਤੇ ਚੱਲ ਰਹੀ ਹੈ । ਸਰਕਾਰ ਨੇ ਇਸ ਨੂੰ ਜਨਵਰੀ ਤੋਂ ਇੱਕ ਨਿੱਜੀ ਕੰਪਨੀ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਨੂੰ ਹਰ ਮਹੀਨੇ ਤਨਖਾਹ ‘ਤੇ ਕਰੀਬ 230 ਕਰੋੜ ਰੁਪਏ ਖਰਚਣੇ ਪੈਂਦੇ ਹਨ ।
ਦੱਸ ਦੇਈਏ ਕਿ ਏਅਰ ਇੰਡੀਆ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪਾਇਲਟਾਂ ਦੇ ਸਾਰੇ 11 ਕਿਸਮਾਂ ਦੇ ਭੱਤਿਆਂ ਵਿੱਚ ਫਲਾਇੰਗ ਅਲਾਉਂਸ, ਵਿਸ਼ੇਸ਼ ਤਨਖਾਹ, ਵਾਈਡ ਬਾਡੀ ਭੱਤਾ, ਘਰੇਲੂ ਲੇਓਵਰ ਅਲਾਉਂਸ, ਕਾਰਜਕਾਰੀ ਉਡਾਨ ਭੱਤਾ ਆਦਿ ਵਿੱਚ 40 ਫ਼ੀਸਦੀ ਕਟੌਤੀ ਕੀਤੀ ਜਾਵੇਗੀ । ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਕੁੱਲ ਤਨਖਾਹ 25,000 ਰੁਪਏ ਤੱਕ ਹੈ, ਉਨ੍ਹਾਂ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ।