ਥੋਕ ਮਹਿੰਗਾਈ ਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਵਿੱਚ ਬੇਸ਼ੱਕ ਹੀ ਨਰਮੀ ਆਉਣ ਲੱਗ ਗਈ ਹੋਵੇ, ਪਰ ਆਮ ਲੋਕਾਂ ਨੂੰ ਫਿਲਹਾਲ ਰਾਹਤ ਮਿਲਣ ਦੇ ਸੰਕੇਤ ਨਹੀਂ ਦਿਖਾਈ ਦੇ ਰਹੇ ਹਨ। ਦੁੱਧ ਵੇਚਣ ਵਾਲੀਆਂ ਕੰਪਨੀਆਂ ਅਮੂਲ ਤੇ ਮਦਰ ਡੇਅਰੀ ਨੇ ਪਿਛਲੇ ਪੰਜ ਮਹੀਨਿਆਂ ਦੇ ਦੌਰਾਨ ਦੂਜੀ ਵਾਰ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਦੋਨੋਂ ਡੇਅਰੀ ਕੰਪਨੀਆਂ ਦੇ ਪੈਕੇਟ ਵਾਲੇ ਦੁੱਧ ਦੀਆਂ ਕੀਮਤਾਂ ਬੁੱਧਵਾਰ ਤੋਂ ਫਿਰ ਤੋਂ ਵੱਧ ਗਈਆਂ ਹਨ। ਇਨ੍ਹਾਂ ਦੋਹਾਂ ਕੰਪਨੀਆਂ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਦੇ ਵਾਧੇ ਤੋਂ ਬਾਅਦ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੂਲ ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਨਵੀਆਂ ਕੀਮਤਾਂ ਅੱਜ ਯਾਨੀ 17 ਅਗਸਤ ਤੋਂ ਲਾਗੂ ਹੋ ਗਈਆਂ ਹਨ । ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਹੁਣ ਅਮੂਲ ਗੋਲਡ 62 ਰੁਪਏ ਪ੍ਰਤੀ ਲੀਟਰ, ਅਮੂਲ ਸ਼ਕਤੀ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ 50 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਚੁੱਕਿਆ ਹੈ। ਅੱਧਾ ਕਿਲੋ ਅਮੂਲ ਗੋਲਡ ਦੇ ਪੈਕੇਟ ਦੀ ਕੀਮਤ 31 ਰੁਪਏ ਅਤੇ ਅਮੂਲ ਫਰੈਸ਼ ਦੇ ਪੈਕੇਟ ਦੀ ਕੀਮਤ 25 ਰੁਪਏ ਹੋਵੇਗੀ। ਇਸ ਦੇ ਨਾਲ ਹੀ ਅਮੂਲ ਸ਼ਕਤੀ ਦੇ ਅੱਧੇ ਕਿਲੋ ਦੇ ਪੈਕੇਟ ਦੀ ਕੀਮਤ 28 ਰੁਪਏ ਹੋਵੇਗੀ।
ਫੈਡਰੇਸ਼ਨ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਘੱਟ ਹੈ। ਡੇਅਰੀ ਫੈਡਰੇਸ਼ਨ ਨੇ ਕਿਹਾ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ ਵਿੱਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਦੱਸ ਦੇਈਏ ਕਿ ਫੈਡਰੇਸ਼ਨ ਅਨੁਸਾਰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਵਿਕਰੀ ਤੋਂ ਹੋਣ ਵਾਲੀ ਹਰ ਇੱਕ ਰੁਪਏ ਦੀ ਕਮਾਈ ਵਿੱਚੋਂ 80 ਪੈਸੇ ਦੁੱਧ ਉਤਪਾਦਕਾਂ ਨੂੰ ਅਦਾ ਕੀਤੇ ਜਾਂਦੇ ਹਨ। ਕੀਮਤਾਂ ਵਿੱਚ ਤਾਜ਼ਾ ਵਾਧੇ ਨਾਲ ਅਸੀਂ ਆਪਣੇ ਉਤਪਾਦਕਾਂ ਨੂੰ ਵਧੇਰੇ ਲਾਭ ਦੇਣ ਦੇ ਯੋਗ ਹੋਵਾਂਗੇ, ਤਾਂ ਜੋ ਉਹ ਵਧੇਰੇ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -: