Bank strike unions say : ਦੇਸ਼ ਵਿੱਚ ਜਨਤਕ ਬੈਂਕਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਇਸ ਦੇ ਕਾਰਨ, ਪਬਲਿਕ ਸੈਕਟਰ ਦੇ ਬੈਂਕਾਂ ਵਿੱਚ ਨਕਦ ਕੱਡਵਾਉਂਣ, ਜਮ੍ਹਾਂ ਕਰਵਾਉਣ, ਚੈੱਕ ਕਲੀਅਰਿੰਗ, ਕਾਰੋਬਾਰੀ ਲੈਣ-ਦੇਣ ਵਰਗੇ ਬਹੁਤ ਸਾਰੇ ਮਹੱਤਵਪੂਰਨ ਕੰਮ ਬੰਦ ਹੋ ਗਏ ਹਨ। ਇਸ ਦੌਰਾਨ ਹੜਤਾਲ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਕਿਸਾਨ ਅੰਦੋਲਨ ਵਰਗਾ ਵੱਡਾ ਅੰਦੋਲਨ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਸਕਦੀ ਹੈ। ਹੜਤਾਲ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (UFBU) ਨੇ ਬੁਲਾਈ ਸੀ। ਇਹ ਨੌਂ ਪਬਲਿਕ ਬੈਂਕਾਂ ਦੀ ਯੂਨੀਅਨ ਦਾ ਸਾਂਝਾ ਪਲੇਟਫਾਰਮ ਹੈ। ਇਹ ਹੜਤਾਲ 15 ਮਾਰਚ ਯਾਨੀ ਸੋਮਵਾਰ ਨੂੰ ਸ਼ੁਰੂ ਹੋਈ ਅਤੇ ਅੱਜ ਇਸ ਦਾ ਆਖ਼ਰੀ ਦਿਨ ਹੈ। ਨਿੱਜੀਕਰਨ ਦੇ ਵਿਰੋਧ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੇ ਲੱਖਾਂ ਕਰਮਚਾਰੀ ਦੇਸ਼ ਭਰ ਵਿੱਚ ਹੜਤਾਲ ਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਆਈਡੀਬੀਆਈ ਬੈਂਕ ਤੋਂ ਇਲਾਵਾ ਦੋ ਹੋਰ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।
ਜਿਸ ਦਾ ਬੈਂਕ ਕਰਮਚਾਰੀ ਯੂਨੀਅਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਪਹਿਲਾਂ ਹੀ ਆਈਡੀਬੀਆਈ ਬੈਂਕ ਦਾ ਨਿੱਜੀਕਰਨ ਕਰ ਚੁਕੀ ਹੈ। ਆਲ ਇੰਡੀਆ ਬੈਂਕ ਅਧਿਕਾਰੀ ਐਸੋਸੀਏਸ਼ਨ (AIBOA) ਦੇ ਜਨਰਲ ਸੈਕਟਰੀ ਸੌਮਿਆ ਦੱਤਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕਤਾ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਕੁੱਝ ਉੱਚ ਪੱਧਰੀ ਅਧਿਕਾਰੀਆਂ ਨੂੰ ਛੱਡ ਕੇ, ਬੈਂਕਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਹੜਤਾਲ ਵਿੱਚ ਹਿੱਸਾ ਲਿਆ ਹੈ। ਹੜਤਾਲੀ ਕਰਮਚਾਰੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਕਿਸਾਨੀ ਅੰਦੋਲਨ ਵਾਂਗ ਅਣਮਿੱਥੇ ਸਮੇਂ ਲਈ ਹੜਤਾਲ ਕਰ ਸਕਦੇ ਹਨ। ਦੱਤਾ ਨੇ ਕਿਹਾ, ‘ਅਸੀਂ ਆਪਣੀਆਂ ਸ਼ਾਖਾਵਾਂ ਰਾਹੀਂ ਦੇਸ਼ ਦੇ ਕਰੋੜਾਂ ਗਾਹਕਾਂ ਨਾਲ ਜੁੜੇ ਹਾਂ। ਅਸੀਂ ਉਨ੍ਹਾਂ ਨੂੰ ਸਮਝਾ ਰਹੇ ਹਾਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਉਨ੍ਹਾਂ ‘ਤੇ ਕੀ ਅਸਰ ਪਏਗਾ।”