Diesel Prices Cut: ਨਵੀਂ ਦਿੱਲੀ: ਡੀਜ਼ਲ ਦੀ ਕੀਮਤ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਕਟੌਤੀ ਕੀਤੀ ਗਈ, ਜਦਕਿ ਪੈਟਰੋਲ ਦੀ ਕੀਮਤ ਲਗਾਤਾਰ ਦੂਜੇ ਦਿਨ ਸਥਿਰ ਰਹੀ । ਦਿੱਲੀ ਅਤੇ ਕੋਲਕਾਤਾ ਵਿੱਚ ਡੀਜ਼ਲ 16 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ, ਜਦਕਿ ਮੁੰਬਈ ਵਿੱਚ ਡੀਜ਼ਲ ਦੀ ਕੀਮਤ ਵਿੱਚ 17 ਪੈਸੇ ਅਤੇ ਚੇੱਨਈ ਵਿੱਚ 15 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਉੱਥੇ ਹੀ ਦੂਜੇ ਪਾਸੇ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਦੋ ਪ੍ਰਤੀਸ਼ਤ ਤੋਂ ਵੀ ਹੇਠਾਂ ਆਉਣ ਤੋਂ ਬਾਅਦ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ 45 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 73.40, 76.90 ਰੁਪਏ, 79.94 ਰੁਪਏ ਅਤੇ 78.71 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ । ਜਦੋਂ ਕਿ ਪੈਟਰੋਲ ਦੀ ਕੀਮਤ ਕ੍ਰਮਵਾਰ 82.08 ਰੁਪਏ, 83.57 ਰੁਪਏ,. 88.73 ਰੁਪਏ ਅਤੇ 85..04 ਰੁਪਏ ਪ੍ਰਤੀ ਲੀਟਰ ‘ਤੇ ਕਾਇਮ ਹੈ।
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਨਾਲ ਡਰਾਈਵਰਾਂ ਅਤੇ ਟ੍ਰਾਂਸਪੋਰਟ ਕਾਰੋਬਾਰੀਆਂ ਦੇ ਨਾਲ-ਨਾਲ ਆਮ ਖਪਤਕਾਰਾਂ ਨੂੰ ਵੀ ਰਾਹਤ ਮਿਲੇਗੀ ਕਿਉਂਕਿ ਡੀਜ਼ਲ ਦੀ ਕੀਮਤ ਵਿੱਚ ਵਾਧੇ ਨਾਲ ਮਾਲ ਦੀ ਢੋਆ-ਢੁਆਈ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ, ਜੋ ਆਮ ਖਪਤਕਾਰਾਂ ‘ਤੇ ਪੈਂਦਾ ਹੈ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਫਿਊਚਰਜ਼ ਮਾਰਕੀਟ ਇੰਟਰ ਕੰਟੀਨੈਂਟਲ ਐਕਸਚੇਂਜ (ICE) ‘ਤੇ ਬ੍ਰੈਂਟ ਕਰੂਡ ਦੇ ਨਵੰਬਰ ਡਿਲਿਵਰੀ ਸਮਝੌਤੇ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 0.07 ਪ੍ਰਤੀਸ਼ਤ ਦੀ ਤੇਜ਼ੀ ਨਾਲ 44.46 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ ਯਾਨੀ ਕਿ WTI ਦੇ ਅਕਤੂਬਰ ਡਲਿਵਰੀ ਫਿਊਚਰਜ਼ ਸਮਝੌਤੇ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 0.24 ਪ੍ਰਤੀਸ਼ਤ ਦੇ ਵਾਧੇ ਨਾਲ 41.61 ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ।