FASTag mandatory from today: ਨਵੀਂ ਦਿੱਲੀ: ਅੱਜ ਤੋਂ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਟੋਲਸ ‘ਤੇ ਭੁਗਤਾਨ ਲਈ FASTag ਲਾਜ਼ਮੀ ਹੈ। ਜਿਸ ਗੱਡੀ ‘ਤੇ FASTag ਨਹੀਂ ਹੋਵੇਗਾ, ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ । ਹਾਲਾਂਕਿ, ਦੋ ਪਹੀਆ ਵਾਹਨ ਨੂੰ FASTag ਤੋਂ ਛੂਟ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਪਣੇ ਵਾਹਨਾਂ ‘ਤੇ FASTag ਨਹੀਂ ਲਗਾਇਆ ਹੈ ਜਾਂ ਜਿਨ੍ਹਾਂ ਦੀਆਂ ਗੱਡੀਆਂ ‘ਤੇ ਇਹ ਟੈਗ ਲੱਗਿਆ ਤਾਂ ਹੈ ਪਰ ਕੰਮ ਨਹੀਂ ਕਰ ਰਿਹਾ, ਅਜਿਹੇ ਲੋਕਾਂ ਨੂੰ ਭਾਰੀ ਜੁਰਮਾਨੇ ਦੇਣਾ ਪੈ ਸਕਦਾ ਹੈ । ਜ਼ੁਰਮਾਨੇ ਵਜੋਂ, ਗਾਹਕਾਂ ਨੂੰ ਆਪਣੀ ਗੱਡੀ ਦੀ ਸ਼੍ਰੇਣੀ ਦੇ ਅਨੁਸਾਰ ਚਾਰਜ ਕੀਤੀ ਫੀਸ ਦੀ ਦੁਗਣੀ ਅਦਾਇਗੀ ਕਰਨੀ ਪੈ ਸਕਦੀ ਹੈ।
ਦਰਅਸਲ, ਐਤਵਾਰ ਨੂੰ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ FASTag ਨੂੰ ਲਾਗੂ ਕਰਨ ਲਈ ਸਮਾਂ ਸੀਮਾ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਗੱਡੀਆਂ ਮਾਲਕਾਂ ਨੂੰ ਇਸ ਈ-ਭੁਗਤਾਨ ਦੀ ਸਹੂਲਤ ਨੂੰ ਤੁਰੰਤ ਅਪਣਾਉਣਾ ਚਾਹੀਦਾ ਹੈ । FASTag ਟੋਲ ਪਲਾਜ਼ਿਆਂ ‘ਤੇ ਫੀਸਾਂ ਦੀ ਇਲੈਕਟ੍ਰਾਨਿਕ ਅਦਾਇਗੀ ਦੀ ਸਹੂਲਤ ਦਿੰਦਾ ਹੈ। ਇਸਨੂੰ 2016 ਵਿੱਚ ਪੇਸ਼ ਕੀਤਾ ਗਿਆ ਸੀ। ਟੈਗ ਲਾਜ਼ਮੀ ਬਣਾਉਣਾ ਇਹ ਸੁਨਿਸ਼ਚਿਤ ਕਰਨ ਵਿਚ ਵੀ ਸਹਾਇਤਾ ਕਰੇਗਾ ਕਿ ਵਾਹਨਾਂ ਨੂੰ ਟੋਲ ਪਲਾਜ਼ਾ ਨਾਨ ਸਟਾਪ ਵਿਚੋਂ ਲੰਘਣ ਦਿੱਤਾ ਜਾਵੇ।
ਗਡਕਰੀ ਨੇ ਨਾਗਪੁਰ ਹਵਾਈ ਅੱਡੇ ‘ਤੇ FASTag ਨੂੰ ਲੈ ਕੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ FASTag ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਨੂੰ ਦੋ ਤਿੰਨ ਵਾਰ ਵਧਾਇਆ ਹੈ ਅਤੇ ਹੁਣ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਹੁਣ ਸਾਰਿਆਂ ਨੂੰ ਫਾਸਟੈਗ ਨੂੰ ਤੁਰੰਤ ਖਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਮਾਰਗਾਂ ‘ਤੇ FASTag ਰਜਿਸਟ੍ਰੇਸ਼ਨ 90 ਪ੍ਰਤੀਸ਼ਤ ਹੋ ਗਈ ਹੈ ਅਤੇ ਸਿਰਫ 10 ਪ੍ਰਤੀਸ਼ਤ ਲੋਕ ਹੀ ਬਚੇ ਹਨ। ਉਨ੍ਹਾਂ ਕਿਹਾ ਕਿ FASTag ਟੋਲ ਪੁਆਇੰਟਾਂ ‘ਤੇ ਵੀ ਉਪਲਬਧ ਹੈ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਸੁਚਾਰੂ ਆਵਾਜਾਈ ਲਈ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ FASTag ਇੱਕ ਕਿਸਮ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਗੱਡੀ ਦੀ ਵਿੰਡਸਕਰੀਨ ‘ਤੇ ਲੱਗਿਆ ਹੋਇਆ ਹੁੰਦਾ ਹੈ। FASTag ਰੇਡੀਓ ਬਾਰੰਬਾਰਤਾ ਪਛਾਣ ਜਾਂ RFID ਤਕਨਾਲੋਜੀ ‘ਤੇ ਕੰਮ ਕਰਦਾ ਹੈ। ਇਸ ਤਕਨਾਲੋਜੀ ਰਾਹੀਂ ਟੋਲ ਪਲਾਜ਼ਾ ‘ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਅਤੇ ਟੋਲ ਫੀਸ ਆਪਣੇ ਆਪ ਹੀ FASTag ਦੇ ਵਾਲਿਟ ਵਿਚੋਂ ਕੱਟ ਲਈ ਜਾਂਦੀ ਹੈ।