Fitch revises India GDP forecast: ਨਵੀਂ ਦਿੱਲੀ: ਰੇਟਿੰਗ ਏਜੇਂਸੀ ਫਿਚ ਨੇ ਨੇ ਮੌਜੂਦਾ ਵਿੱਤੀ ਸਾਲ 2020-21 ਵਿੱਚ ਭਾਰਤੀ ਆਰਥਿਕਤਾ ਵਿੱਚ 10.5 ਫ਼ੀਸਦੀ ਦੀ ਭਾਰੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।ਯਾਨੀ ਕਿ GDP ਗ੍ਰੋਥ ਰੇਟ ਮਾਇਨਸ 10.5 ਫ਼ੀਸਦੀ ਹੋ ਸਕਦੀ ਹੈ। ਗੌਰਤਲਬ ਹੈ ਕਿ ਕੋਰੋਨਾ ਸੰਕਟ ਕਾਰਨ ਭਾਰਤ ਦੀ ਕੁੱਲ ਘਰੇਲੂ ਉਤਪਾਦ (GDP) ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਹ ਵਿਸ਼ਵ ਦੀਆਂ ਤਮਾਮ ਵੱਡੀਆਂ ਅਰਥ-ਵਿਵਸਥਾਵਾਂ ਵਿੱਚ ਗਿਰਾਵਟ ਦੇ ਸਭ ਤੋਂ ਉੱਚੇ ਅੰਕੜਿਆਂ ਵਿੱਚੋਂ ਇੱਕ ਹੈ।
ਦਰਅਸਲ, ਮਾਰਚ ਵਿੱਚ ਲਗਾਏ ਗਏ ਸਖਤ ਲਾਕਡਾਊਨ ਕਾਰਨ ਅਰਥਚਾਰੇ ਵਿੱਚ ਇਹ ਭਾਰੀ ਗਿਰਾਵਟ ਆਈ ਹੈ। ਫਿਚ ਨੇ ਕਿਹਾ, “ਆਰਥਿਕਤਾ ਦੇ ਮੁੜ ਖੁੱਲ੍ਹਣ ਤੋਂ ਬਾਅਦ ਅਕਤੂਬਰ ਤੋਂ ਦਸੰਬਰ ਦੀ ਤੀਜੀ ਤਿਮਾਹੀ ਵਿੱਚ GDP ਵਿੱਚ ਇੱਕ ਮਜ਼ਬੂਤ ਸੁਧਾਰ ਹੋਣਾ ਚਾਹੀਦਾ ਹੈ, ਪਰ ਸੰਕੇਤ ਮਿਲੇ ਹਨ ਕਿ ਸੁਧਾਰ ਦੀ ਰਫਤਾਰ ਹੌਲੀ ਅਤੇ ਅਸਮਾਨ ਰਹੇਗੀ।”
ਫਿਚ ਨੇ ਕਿਹਾ, “ਅਸੀਂ ਇਸ ਵਿੱਤੀ ਵਰ੍ਹੇ ਦੇ GDP ਦੇ ਅਨੁਮਾਨ ਨੂੰ ਜੂਨ ਦੇ ਵਿਸ਼ਵ ਆਰਥਿਕਤਾ ਦੇ ਨਜ਼ਰੀਏ ਨਾਲੋਂ 5 ਫੀਸਦ ਹੋਰ ਘਟਾ ਦਿੱਤਾ ਹੈ।” ਕੋਰੋਨਾ ਸੰਕਟ ਕਾਰਨ ਅਪ੍ਰੈਲ ਤੋਂ ਜੂਨ ਤੱਕ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (GDP) ਵਿੱਚ ਇਤਿਹਾਸਕ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਭਾਵ, ਜੀਡੀਪੀ ਵਿੱਚ ਲਗਭਗ ਇੱਕ ਚੌਥਾਈ ਦੀ ਕਮੀ ਆਈ ਹੈ।
ਦੱਸ ਦੇਈਏ ਕਿ ਪਹਿਲੀ ਤਿਮਾਹੀ ਵਿੱਚ ਸਥਿਰ ਕੀਮਤਾਂ ‘ਤੇ ਅਸਲ GDP 26.90 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿੱਚ 35.35 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਇਸ ਵਿੱਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪਿਛਲੇ ਸਾਲ, ਇਸ ਮਿਆਦ ਦੇ ਦੌਰਾਨ GDP ਵਿੱਚ 5.2 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।