ਤਿਉਹਾਰੀ ਸੀਜ਼ਨ ਵਿਚ ਸੋਨਾ ਮਹਿੰਗਾ ਹੋ ਰਿਹਾ ਹੈ। ਪਿਛਲੇ 14 ਦਿਨਾਂ ਵਿਚ ਇਸ ਦੀ ਕੀਮਤ ਤਕਰੀਬਨ 1,500 ਰੁਪਏ ਵੱਧ ਚੁੱਕੀ ਹੈ। ਵੀਰਵਾਰ ਨੂੰ ਐੱਮ. ਸੀ. ਐਕਸ. ‘ਤੇ ਸੋਨਾ ਦੁਪਹਿਰ ਲਗਭਗ ਤਿੰਨ ਵਜੇ 48,015 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ, ਜਦੋਂ ਕਿ 1 ਅਕਤੂਬਰ ਨੂੰ ਇਸ ਦੀ ਕੀਮਤ 46,506 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਉੱਥੇ ਹੀ, ਇਸ ਦੌਰਾਨ ਚਾਂਦੀ ਲਗਭਗ 2,800 ਰੁਪਏ ਮਹਿੰਗੀ ਹੋਈ ਹੈ। ਬਹੁਮੁੱਲੀ ਧਾਤਾਂ ਵਿਚੋਂ ਇਕ ਮੰਨੀ ਜਾਂਦੀ ਚਾਂਦੀ ਅੱਜ 63,375 ਰੁਪਏ ਪ੍ਰਤੀ ਕਿਲੋ ‘ਤੇ ਟ੍ਰੇਡ ਕਰ ਰਹੀ ਸੀ। 1 ਅਕਤੂਬਰ ਨੂੰ ਚਾਂਦੀ ਦੀ ਕੀਮਤ 60,550 ਰੁਪਏ ਪ੍ਰਤੀ ਕਿਲੋ ਸੀ।
ਜਿਸ ਹਿਸਾਬ ਨਾਲ ਪਿਛਲੇ ਦਿਨਾਂ ਵਿਚ ਸੋਨਾ ਥੋੜ੍ਹਾ-ਥੋੜ੍ਹਾ ਕਰਕੇ ਮਹਿੰਗਾ ਹੋਇਆ ਹੈ, ਉਸ ਨੂੰ ਦੇਖਦੇ ਸੰਭਾਵਨਾ ਹੈ ਕਿ ਦੀਵਾਲੀ ਤੱਕ ਇਹ 50,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਪਹੁੰਚ ਸਕਦਾ ਹੈ ਕਿਉਂਕਿ ਤਿਉਹਾਰਾਂ ਦੌਰਾਨ ਇਸ ਦੀ ਮੰਗ ਕਾਫ਼ੀ ਜ਼ਿਆਦਾ ਰਹਿੰਦੀ ਹੈ।
ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੋਨਾ ਸਸਤਾ ਵੀ ਹੈ। ਬੀਤੇ ਸਾਲ ਅਗਸਤ ਵਿਚ ਸੋਨੇ ਦੀ ਕੀਮਤ 56,200 ਰੁਪਏ ਦੇ ਸਰਵਉੱਚ ਪੱਧਰ ਤੇ ਪਹੁੰਚ ਗਈ ਸੀ। ਇਸ ਹਿਸਾਬ ਨਾਲ ਸੋਚ ਕੇ ਵੀ ਲੋਕਾਂ ਵੱਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ।