IMF lauds PM Modi: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਵੈ-ਨਿਰਭਰ ਭਾਰਤ’ ਮੁਹਿੰਮ ਦੀ ਸ਼ਲਾਘਾ ਕੀਤੀ ਹੈ। IMF ਨੇ ਕਿਹਾ ਹੈ ਕਿ ਇਸ ਪਹਿਲਕਦਮੀ ਤਹਿਤ ਦਿੱਤੇ ਗਏ ਆਰਥਿਕ ਪੈਕੇਜ ਨੇ ਭਾਰਤੀ ਅਰਥਚਾਰੇ ਦਾ ਸਮਰਥਨ ਕੀਤਾ ਹੈ । ਇਹ ਪਹਿਲ ਬਹੁਤ ਮਹੱਤਵਪੂਰਨ ਹੈ।
ਇਸ ਸਬੰਧੀ IMF ਦੇ ਡਾਇਰੈਕਟਰ ਗੈਰੀ ਰਾਈਸ ਨੇ ਕਿਹਾ, “ਕੋਰੋਨਾ ਵਾਇਰਸ ਸੰਕਟ ਦੇ ਬਾਅਦ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਐਲਾਨੇ ਗਏ ਆਰਥਿਕ ਪੈਕੇਜ ਨੇ ਭਾਰਤੀ ਅਰਥਚਾਰੇ ਨੂੰ ਵੱਡਾ ਹੁਲਾਰਾ ਦਿੱਤਾ ਹੈ ਅਤੇ ਗਿਰਾਵਟ ਦੇ ਜੋਖਮ ਨੂੰ ਘਟਾ ਦਿੱਤਾ ਹੈ । ਇਸੇ ਲਈ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪਹਿਲ ਮਹੱਤਵਪੂਰਣ ਹੈ।
ਰਾਈਸ ਨੇ ਕਿਹਾ, “ਅੱਗੇ ਵਧਦੇ ਹੋਏ ਭਾਰਤ ਨੂੰ ਵਿਸ਼ਵਵਿਆਪੀ ਆਰਥਿਕਤਾ ਵਿੱਚ ਵਧੇਰੇ ਮਹੱਤਵਪੂਰਣ ਭੂਮਿਕਾ ਨਿਭਾਉਣੀ ਪਵੇਗੀ।” ਅਜਿਹੀਆਂ ਨੀਤੀਆਂ ਨੂੰ ਅਪਣਾਉਣਾ ਪਵੇਗਾ ਜਿਸ ਨਾਲ ਆਰਥਿਕਤਾ ਦੀ ਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਵਧੇਗੀ। ਉਨ੍ਹਾਂ ਕਿਹਾ ਕਿ IMF ਦੇ ਭਾਰਤ ਦੇ NITI ਆਯੋਗ ਅਤੇ ਵਿੱਤ ਮੰਤਰਾਲੇ ਨਾਲ ਸੰਯੁਕਤ ਅਧਿਐਨ ਦਰਸਾਉਂਦਾ ਹੈ ਕਿ ਸਿਹਤ ਨਾਲ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਭਾਰਤ ਨੂੰ ਸਿਹਤ ਦੇ ਖੇਤਰ ਵਿੱਚ ਆਪਣੇ ਕੁੱਲ ਖਰਚੇ ਨੂੰ ਹੌਲੀ-ਹੌਲੀ ਵਧਾਉਣਾ ਪਵੇਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਭਾਰਤ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ । ਇਸ ਪੈਕੇਜ ਨੂੰ ਸਵੈ-ਨਿਰਭਰ ਭਾਰਤ ਅਭਿਆਨ ਦਾ ਨਾਮ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਵਿਸ਼ਾਲ ਰਾਹਤ ਪੈਕੇਜ ਨਾਲ ਭਾਰਤ ਵਿੱਚ ਲੋਕਾਂ ਨੂੰ ਕੰਮ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ ਆਪਣੀਆਂ ਜ਼ਿਆਦਾਤਰ ਜ਼ਰੂਰਤਾਂ ਲਈ ਸਵੈ-ਨਿਰਭਰ ਹੋ ਜਾਵੇਗਾ।