India Petrol diesel prices: ਨਵੀਂ ਦਿੱਲੀ: ਦੇਸ਼ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਲਗਾਤਾਰ 11ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ 11ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 55 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 69 ਪੈਸੇ ਦਾ ਵਾਧਾ ਹੋਇਆ ਹੈ । ਜਿਸ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 77.28 ਰੁਪਏ ਪ੍ਰਤੀ ਲੀਟਰ ਹਨ, ਜਦੋਂਕਿ ਡੀਜ਼ਲ 75.79 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ।
ਜੇਕਰ ਇੱਥੇ ਦੂਜੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਵਿੱਚ ਪੈਟਰੋਲ 79.08 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੱਧ ਕੇ 71.38 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਉੱਥੇ ਹੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 84.15 ਰੁਪਏ ਹੈ, ਜਦੋਂ ਕਿ ਡੀਜ਼ਲ 74.32 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ । ਇਸ ਤੋਂ ਇਲਾਵਾ ਚੇੱਨਈ ਵਿੱਚ ਪੈਟਰੋਲ ਦੀ ਕੀਮਤ 80.86 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ 73.69 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 0.47 ਰੁਪਏ ਵੱਧ ਕੇ 76.47 ਰੁਪਏ ਪ੍ਰਤੀ ਲੀਟਰ ਹੋ ਗਈ ਸੀ, ਜਦੋਂ ਕਿ ਡੀਜ਼ਲ ਦੀ ਕੀਮਤ 0.57 ਰੁਪਏ ਵੱਧ ਕੇ 75.19 ਰੁਪਏ ਹੋ ਗਈ ਸੀ। ਸੋਮਵਾਰ ਨੂੰ ਪੈਟਰੋਲ ਦੀ ਪ੍ਰਚੂਨ ਕੀਮਤ 76.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 74.26 ਰੁਪਏ ਪ੍ਰਤੀ ਲੀਟਰ ਸੀ ।
ਦੱਸ ਦੇਈਏ ਕਿ ਤੇਲ ਕੰਪਨੀਆਂ ਨੇ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ 82 ਦਿਨਾਂ ਲਈ ਕੀਮਤਾਂ ਵਿੱਚ ਤਬਦੀਲੀ ਕਰਨ ਦੇ ਨਿਯਮ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਸੀ। ਹੁਣ ਰੋਜ਼ਾਨਾ ਸੰਸ਼ੋਧਨ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ 11ਵੇਂ ਦਿਨ ਬਾਲਣ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਬਾਲਣ ਦੀਆਂ ਕੀਮਤਾਂ ਦੇਸ਼ ਭਰ ਵਿੱਚ ਵਧਾਈਆਂ ਗਈਆਂ ਹਨ, ਪਰ ਉਨ੍ਹਾਂ ਦੀਆਂ ਕੀਮਤਾਂ ਹਰ ਰਾਜ ਵਿੱਚ ਵੈਟ ਜਾਂ ਸਥਾਨਕ ਵਿਕਰੀ ਟੈਕਸ ਦੇ ਅਧਾਰ ‘ਤੇ ਵੱਖ-ਵੱਖ ਹੋ ਸਕਦੀਆਂ ਹਨ।