Indian Railways to start: ਨਵੀਂ ਦਿੱਲੀ: ਭਾਰਤੀ ਰੇਲਵੇ ਵੱਲੋਂ ਸ਼ਨੀਵਾਰ ਯਾਨੀ ਕਿ ਅੱਜ ਤੋਂ 80 ਨਵੀਂਆਂ ਵਿਸ਼ੇਸ਼ ਟ੍ਰੇਨਾਂ ਦੌੜਨ ਲਈ ਤਿਆਰ ਹਨ। ਇਸਦੇ ਲਈ ਰਾਖਵਾਂਕਰਨ ਵੀਰਵਾਰ ਤੋਂ ਸ਼ੁਰੂ ਹੋਇਆ ਸੀ । ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਦੱਸਿਆ ਕਿ 230 ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ । ਇਹ ਟ੍ਰੇਨਾਂ ਵਾਧੂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਵੀਕੇ ਯਾਦਵ ਨੇ ਕਿਹਾ, ‘ਨਵੀਂ ਸਪੈਸ਼ਲ ਟ੍ਰੇਨਾਂ ਦੀਆਂ 40 ਜੋੜੀਆਂ 12 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ । ਅਸੀਂ ਸਮੀਖਿਆ ਕਰ ਰਹੇ ਹਾਂ ਕਿ ਕਿਸ ਟ੍ਰੇਨ ਲਈ ਵਧੇਰੇ ਬੁਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਉਸੇ ਰੂਟ ‘ਤੇ ਦੂਜੀ ਟ੍ਰੇਨ ਸ਼ੁਰੂ ਕਰ ਸਕੀਏ, ਤਾਂ ਜੋ ਯਾਤਰੀ ਪ੍ਰੇਸ਼ਾਨ ਨਾ ਹੋਣ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ 80 ਟ੍ਰੇਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਕੰਮ ‘ਤੇ ਵਾਪਸੀ ਦੀ ਦਿਸ਼ਾ ਵਿੱਚ ਤੈਅ ਕੀਤੀਆਂ ਗਈਆਂ ਹਨ । ਜ਼ਿਆਦਾਤਰ ਟ੍ਰੇਨਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਰਿਵਰਸ ਰੂਟ ‘ਤੇ ਚਲਾਈਆਂ ਜਾ ਰਹੀਆਂ ਹਨ। ਫਿਲਹਾਲ ਰੇਲਵੇ ਟ੍ਰੇਨਾਂ ਦੀ ਉਪਲਬਧਤਾ ‘ਤੇ ਨਜ਼ਰ ਬਣਾਏ ਹੋਏ ਹਨ ਅਤੇ ਮੰਗ ਅਨੁਸਾਰ ਹੋਰ ਟ੍ਰੇਨਾਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ, ‘230 ਟ੍ਰੇਨਾਂ ਵਿੱਚੋਂ 12 ਦੀ ਮੰਗ ਸਭ ਤੋਂ ਘੱਟ ਹੈ । ਅਸੀਂ ਉਨ੍ਹਾਂ ਨੂੰ ਚਲਾ ਰਹੇ ਹਾਂ ਪਰ ਅਸੀਂ ਕੋਚਾਂ ਦੀ ਗਿਣਤੀ ਘਟਾ ਦਿੱਤੀ ਹੈ।
ਵੀਕੇ ਯਾਦਵ ਨੇ ਦੱਸਿਆ ਕਿ 230 ਟ੍ਰੇਨਾਂ ਵਿੱਚ 80 ਤੋਂ 85 ਪ੍ਰਤੀਸ਼ਤ ਹੀ ਬੁਕਿੰਗ ਕੀਤੀ ਜਾ ਰਹੀ ਹੈ। ਨਵੀਂ ਟ੍ਰੇਨਾਂ ਦੀ ਚੋਣ ਦੌਰਾਨ ਰੇਲਵੇ ਰਾਜ ਸਰਕਾਰਾਂ ਨਾਲ ਵੀ ਗੱਲਬਾਤ ਕਰਦੀ ਹੈ। ਉਮੀਦਵਾਰਾਂ ਲਈ ਟ੍ਰੇਨ ਚਲਾਉਣ ਦੇ ਸਵਾਲ ‘ਤੇ ਉਨ੍ਹਾਂ ਕਿਹਾ, “ਅਸੀਂ ਰਾਜ ਸਰਕਾਰਾਂ ਦੀ ਬੇਨਤੀ ਤੋਂ ਬਾਅਦ ਪ੍ਰੀਖਿਆ ਤੇ ਹੋਰ ਕਾਰਨਾਂ ਦੇ ਲਈ ਕਿਸੇ ਵੀ ਸਮੇਂ ਟ੍ਰੇਨ ਚਲਾਉਣ ਲਈ ਤਿਆਰ ਹਾਂ।”
ਦੱਸ ਦਈਏ ਕਿ ਲਾਕਡਾਊਨ ਦੇ ਚੱਲਦਿਆਂ ਬੰਦ ਪਈ ਰੇਲ ਸੇਵਾ ਹੌਲੀ-ਹੌਲੀ ਬਹਾਲ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਰੇਲ ਮੰਤਰਾਲੇ ਨੇ 230 ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕੀਤੀ ਸੀ, ਹੁਣ 80 ਟ੍ਰੇਨਾਂ ਅੱਜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਦਿੱਲੀ-ਬੰਗਲੁਰੂ, ਨਿਜ਼ਾਮੂਦੀਨ-ਬੰਗਲੁਰੂ ਰਾਜਧਾਨੀ, ਡਿਬਰੂਗੜ-ਅੰਮ੍ਰਿਤਸਰ ਹਫਤਾਵਾਰੀ ਟ੍ਰੇਨਾਂ ਸ਼ਾਮਿਲ ਹਨ। ਜੇ ਇਨ੍ਹਾਂ ਟ੍ਰੇਨਾਂ ਵਿੱਚ ਇੰਤਜ਼ਾਰ ਸੂਚੀ ਲੰਬੀ ਹੈ ਤਾਂ ਆਉਣ ਵਾਲੇ ਹਫ਼ਤੇ ਵਿੱਚ ਰੇਲਵੇ ਕਲੋਨ ਟ੍ਰੇਨਾਂ ਵੀ ਚਲਾ ਸਕਦੀ ਹੈ।