Petrol diesel prices: ਨਵੀਂ ਦਿੱਲੀ: ਦੇਸ਼ ਵਿੱਚ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ ਵਿੱਚ ਤਕਰੀਬਨ ਤਿੰਨ ਹਫ਼ਤਿਆਂ ਤੱਕ ਕੀਮਤਾਂ ਵੱਧਣ ਤੋਂ ਬਾਅਦ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ । ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ । ਪਿਛਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਹੀ ਇਸ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ । ਅਜਿਹੀ ਸਥਿਤੀ ਵਿੱਚ ਤੇਲ ਕੰਪਨੀਆਂ ‘ਤੇ ਕੀਮਤਾਂ ਸਥਿਰ ਰੱਖਣ ਦਾ ਦਬਾਅ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 80.43 ਰੁਪਏ, 82.10 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਹਨ । ਡੀਜ਼ਲ ਦੀਆਂ ਕੀਮਤਾਂ ਵੀ ਚਾਰ ਮਹਾਂਨਗਰਾਂ ਵਿੱਚ ਕ੍ਰਮਵਾਰ 80.53 ਰੁਪਏ, 75.64 ਰੁਪਏ, 78.83 ਰੁਪਏ ਅਤੇ. 77.72 ਰੁਪਏ ਪ੍ਰਤੀ ਲੀਟਰ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ ਚਾਰ-ਪੰਜ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ, ਜਦੋਂਕਿ ਡੀਜ਼ਲ ਦੀ ਕੀਮਤ ਵਿਚ 11-13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ ।
ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਵਿੱਚ ਹੁਣ ਤੱਕ 11.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵਿੱਚ 9.17 ਰੁਪਏ ਦਾ ਵਾਧਾ ਹੋਇਆ ਹੈ । ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਹੈ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਰਾਜਾਂ ਵਿਚ ਅੰਤਰ ਹੁੰਦਾ ਹੈ, ਕਿਉਂਕਿ ਬਾਲਣ ‘ਤੇ ਵਿਕਰੀ ਟੈਕਸ ਜਾਂ ਵੈਲਯੂ ਐਡਿਡ ਟੈਕਸ (ਵੈਟ) ਹਰ ਰਾਜ ਵਿੱਚ ਵੱਖਰਾ ਹੁੰਦਾ ਹੈ।