ਆਮ ਲੋਕਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ 10 ਦਿਨਾਂ ਵਿੱਚ 9ਵੀਂ ਵਾਰ ਵਾਧਾ ਹੋਇਆ ਹੈ । ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80-80 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 80-80 ਪੈਸੇ ਦਾ ਵਾਧਾ ਹੋਇਆ ਸੀ। ਪਿਛਲੇ 10 ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੁਣ ਤੱਕ 6.40-6.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਕਾਰਨ ਨਵੰਬਰ ਵਿੱਚ ਦੀਵਾਲੀ ਮੌਕੇ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਿੱਤੀ ਗਈ ਕਟੌਤੀ ਦਾ ਲਾਭ ਵੀ ਖ਼ਤਮ ਹੋ ਗਿਆ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 101.81 ਰੁਪਏ ਅਤੇ 93.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 84 ਪੈਸੇ ਵਧ ਕੇ ਕ੍ਰਮਵਾਰ 116.72 ਰੁਪਏ ਪ੍ਰਤੀ ਲੀਟਰ ਅਤੇ 100.94 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਚੇੱਨਈ ਵਿੱਚ ਕੀਮਤਾਂ ਵਧਣ ਤੋਂ ਬਾਅਦ ਪੈਟਰੋਲ ਦੀ ਕੀਮਤ 107.45 ਰੁਪਏ ਅਤੇ ਡੀਜ਼ਲ ਦੀ ਕੀਮਤ 97.52 ਰੁਪਏ ਹੋ ਗਈ ਹੈ, ਜਦਕਿ ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 111.35 ਰੁਪਏ ਅਤੇ ਡੀਜ਼ਲ ਦੀ ਕੀਮਤ 96.22 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ ਹੈ। ਇਸਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਫਰਵਰੀ ਮਹੀਨੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ 130 ਡਾਲਰ ਪ੍ਰਤੀ ਬੈਰਲ ਦੇ ਉੱਚ ਪੱਧਰ ਤੋਂ ਡਿੱਗ ਕੇ ਹੁਣ 103 ਡਾਲਰ ਤੱਕ ਆ ਗਈਆਂ ਹਨ, ਪਰ ਰਾਸ਼ਟਰੀ ਬਾਜ਼ਾਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: