ਪੰਜਾਬ ਸਣੇ 5 ਰਾਜਾਂ ਵਿੱਚ ਜਾਰੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ, ਜਿਸ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 15 ਰੁਪਏ ਤੱਕ ਵੱਧ ਸਕਦੀਆਂ ਹਨ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ 90 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 2014 ਵਿੱਚ ਕੱਚੇ ਤੇਲ ਦੀ ਕੀਮਤ 95 ਡਾਲਰ ਨੂੰ ਪਾਰ ਕਰ ਗਈ ਸੀ ।
ਇੱਕ ਦਸੰਬਰ 2021 ਨੂੰ ਕੱਚੇ ਤੇਲ ਦੀ ਕੀਮਤ 69 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 95 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਈ ਹੈ। ਯਾਨੀ ਢਾਈ ਮਹੀਨਿਆਂ ਦੇ ਅੰਦਰ ਹੀ ਕੱਚੇ ਤੇਲ ਦੀਆਂ ਕੀਮਤਾਂ 37 ਫੀਸਦੀ ਵਧ ਗਈਆਂ ਹਨ। ਮਾਹਿਰਾਂ ਮੁਤਾਬਕ ਜਲਦੀ ਹੀ ਇਹ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਵੀ ਪਾਰ ਕਰ ਜਾਏਗੀ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ ! 2 ਸਾਲਾਂ ਮਗਰੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ
ਟੈਕਸਾਸ ਦੀ ਆਇਲ ਕੰਪਨੀ, ਪਾਇਨੀਅਰ ਨੈਚੁਰਲ ਰਿਸੋਰਸਜ਼ ਦੇ ਸਕਾਟ ਸ਼ੈਫੀਲਡ ਨੇ ਕਿਹਾ ਕਿ ਜੇ ਪੁਤਿਨ ਯੂਕਰੇਨ ‘ਤੇ ਹਮਲਾ ਕਰਦੇ ਹਨ, ਤਾਂ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ, ਪਰ ਜੇ ਬਾਇਡਨ ਈਰਾਨ ਤੋਂ ਪਾਬੰਦੀਆਂ ਹਟਾਉਂਦੇ ਹਨ ਤਾਂ ਇਸਦੀ ਕੀਮਤ 10 ਡਾਲਰ ਘੱਟ ਜਾਵੇਗੀ। ਫਿਲਹਾਲ ਬਾਜ਼ਾਰ ਵਿੱਚ ਜਿੰਨੀ ਮੰਗ ਹੈ, ਓਨੀ ਸਪਲਾਈ ਨਹੀਂ ਹੈ, ਜਿਸ ਕਾਰਨ ਕੀਮਤਾਂ 100 ਡਾਲਰ ਦੇ ਪਾਰ ਜਾਣਾ ਤੈਅ ਹੈ।
ਮਾਹਰਾਂ ਅਨੁਸਾਰ ਸਰਕਾਰ ਭਾਵੇਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦੀ ਹੋਵੇ ਪਰ ਪਿਛਲੇ ਸਾਲਾਂ ਦੌਰਾਨ ਵੇਖਿਆ ਗਿਆ ਹੈ ਕਿ ਚੋਣਾਂ ਦੌਰਾਨ ਸਰਕਾਰ ਜਨਤਾ ਨੂੰ ਖੁਸ਼ ਕਰਨ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾ ਰਹੀ।ਰੇਟਿੰਗ ਏਜੰਸੀ ਇਕਰਾ ਦੇ ਉਪ ਪ੍ਰਧਾਨ ਅਤੇ ਸਹਿ-ਗਰੁੱਪ ਮੁਖੀ ਪ੍ਰਸ਼ਾਂਤ ਵਸ਼ਿਸ਼ਟ ਦਾ ਕਹਿਣਾ ਹੈ ਕਿ ਕੱਚਾ ਤੇਲ 1 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਣ ‘ਤੇ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਔਸਤਨ 55-60 ਪੈਸੇ ਪ੍ਰਤੀ ਲੀਟਰ ਵਧ ਜਾਂਦੀਆਂ ਹਨ। ਅਜਿਹੇ ਵਿੱਚ ਜੇ ਕਰੂਡ ਤੇਲ 100 ਡਾਲਰ ਤੱਕ ਪਹੁੰਚ ਜਾਂਦਾ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: