RBI Monetary Policy: ਨਵੀਂ ਦਿੱਲੀ: ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਸਮੀਖਿਆ ਬੈਠਕ ਦੇ ਨਤੀਜੇ ਆ ਚੁੱਕੇ ਹਨ। ਤਿੰਨ ਦਿਨਾਂ ਤੱਕ ਚੱਲੀ ਇਸ ਬੈਠਕ ਵਿੱਚ ਰੈਪੋ ਰੇਟ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਰੈਪੋ ਰੇਟ ਵਿੱਚ ਤਬਦੀਲੀ ਨਾ ਹੋਣ ਦਾ ਮਤਲਬ ਹੈ ਕਿ ਤੁਹਾਨੂੰ EMI ਜਾਂ ਲੋਨ ਦੀਆਂ ਵਿਆਜ ਦਰਾਂ ‘ਤੇ ਨਵੀਂ ਰਾਹਤ ਨਹੀਂ ਮਿਲੇਗੀ।
ਇਸ ਸਬੰਧੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਠਕ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਰੈਪੋ ਰੇਟ ਨੂੰ 4 ਪ੍ਰਤੀਸ਼ਤ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਰਿਵਰਸ ਰੈਪੋ ਰੇਟ ਵੀ 3.35 ਪ੍ਰਤੀਸ਼ਤ ‘ਤੇ ਸਥਿਰ ਹੈ। RBI ਗਵਰਨਰ ਨੇ ਕਿਹਾ ਕਿ ਗਲੋਬਲ ਆਰਥਿਕਤਾ ਅਜੇ ਵੀ ਕਮਜ਼ੋਰ ਹੈ। ਹਾਲਾਂਕਿ, ਵਿਦੇਸ਼ੀ ਮੁਦਰਾ ਭੰਡਾਰਾਂ ਵਿੱਚ ਵਾਧੇ ਦਾ ਰੁਝਾਨ ਜਾਰੀ ਹੈ। ਇਸ ਤੋਂ ਇਲਾਵਾ RBI ਗਵਰਨਰ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦਰ ਨਿਯੰਤਰਣ ਵਿੱਚ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਵਿੱਚ ਇਹ ਰਿਜ਼ਰਵ ਬੈਂਕ ਦੇ ਮੁਦਰਾ ਨੀਤੀ ਦੀ ਸਮੀਖਿਆ ਦੀ ਤੀਜੀ ਮੀਟਿੰਗ ਸੀ। ਇਸ ਤੋਂ ਪਹਿਲਾਂ ਕੋਰੋਨਾ ਸੰਕਟ ਕਾਰਨ ਦੋ ਵਾਰ ਪਹਿਲਾਂ ਵੀ ਬੈਠਕ ਹੋ ਚੁੱਕੀ ਹੈ। ਪਹਿਲੀ ਬੈਠਕ ਮਾਰਚ ਵਿੱਚ ਅਤੇ ਫਿਰ ਦੂਜੀ ਮੀਟਿੰਗ ਮਈ 2020 ਵਿੱਚ ਹੋਈ ਸੀ। ਇਨ੍ਹਾਂ ਦੋਵਾਂ ਬੈਠਕਾਂ ਵਿੱਚ ਰਿਜ਼ਰਵ ਬੈਂਕ ਦੀ ਰੈਪੋ ਰੇਟ ਵਿੱਚ 1.15 ਪ੍ਰਤੀਸ਼ਤ ਦੀ ਕਮੀ ਆਈ। ਪਿਛਲੇ ਸਾਲ ਯਾਨੀ ਫਰਵਰੀ 2019 ਤੋਂ ਬਾਅਦ ਰੈਪੋ ਰੇਟ ਵਿੱਚ 2.50 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ।
ਦੱਸ ਦੇਈਏ ਕਿ ਐਸਬੀਆਈ ਦੀ ਇੱਕ ਖੋਜ ਰਿਪੋਰਟ ਅਨੁਸਾਰ ਬੈਂਕਾਂ ਨੇ ਨਵੇਂ ਕਰਜ਼ਿਆਂ ‘ਤੇ ਵਿਆਜ ਦਰ ਵਿੱਚ 0.72 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਹ ਦਰਸਾਉਂਦਾ ਹੈ ਕਿ ਰੇਪੋ ਰੇਟ ਵਿੱਚ ਕਮੀ ਦਾ ਲਾਭ ਗਾਹਕਾਂ ਨੂੰ ਵਿਆਜ ਦਰ ਵਿੱਚ ਕਟੌਤੀ ਰਾਹੀਂ ਤੇਜ਼ੀ ਨਾਲ ਦਿੱਤਾ ਗਿਆ ਸੀ । ਐਸਬੀਆਈ ਨੇ ਰੈਪੋ ਨਾਲ ਸਬੰਧਤ ਰਿਟੇਲ ਲੋਨ ‘ਤੇ 1.15 ਅੰਕਾਂ ਦੀ ਕਟੌਤੀ ਕੀਤੀ ਹੈ।