SBI and Titan launch: ਕੋਰੋਨਾ ਸੰਕਟ ਕਾਲ ਵਿੱਚ ਕੇਂਦਰੀ ਰਿਜ਼ਰਵ ਬੈਂਕ ਡਿਜੀਟਲ ਲੈਣ-ਦੇਣ ‘ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਨਾਲ ਹੀ, ਖਰੀਦਦਾਰੀ ਕਰਨ ਵੇਲੇ ਸੰਪਰਕ ਰਹਿਤ ਭੁਗਤਾਨ ਦੀ ਸਹੂਲਤ ਦਾ ਲਾਭ ਲੈਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਹੁਣ ਦੇਸ਼ ਦੇ ਸਰਕਾਰੀ ਬੈਂਕ SBI ਨੇ ਇੱਕ ਅਨੌਖੀ ਪਹਿਲ ਕੀਤੀ ਹੈ।
ਦਰਅਸਲ, SBI ਨੇ ਵਾਚ ਕੰਪਨੀ TITAN ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ TITAN ਅਜਿਹੀਆਂ ਘੜੀਆਂ ਪੇਸ਼ ਕਰ ਰਿਹਾ ਹੈ, ਜੋ ਸੰਪਰਕ ਕੀਤੇ ਬਿਨ੍ਹਾਂ ਭੁਗਤਾਨ ਦੀ ਸਹੂਲਤ ਪ੍ਰਦਾਨ ਕਰਨ ਦੇ ਸਮਰੱਥ ਹਨ। ਇਸਦਾ ਅਰਥ ਇਹ ਹੈ ਕਿ ਖਰੀਦਦਾਰੀ ਕਰਨ ਵੇਲੇ ਤੁਹਾਨੂੰ ਭੁਗਤਾਨ ਲਈ ਕਾਰਡ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
SBI ਨੇ ਦੱਸਿਆ ਕਿ ਇਨ੍ਹਾਂ ਘੜੀਆਂ ਨੂੰ ਉਸਦੇ ਮੋਬਾਇਲ ਬੈਂਕਿੰਗ ਐਪ SBI YONO ਨਾਲ ਲੈਸ ਕੀਤਾ ਗਿਆਹੈ। ਇਨ੍ਹਾਂ ਘੜੀਆਂ ਦੀ ਸਹਾਇਤਾ ਨਾਲ ਗਾਹਕ ਹੁਣ ਡੈਬਿਟ ਕਾਰਡ ਦੀ ਵਰਤੋਂ ਕੀਤੇ ਬਗੈਰ ਪੁਆਇੰਟ ਆਫ ਸੇਲ (POS) ਮਸ਼ੀਨਾਂ ਤੋਂ ਭੁਗਤਾਨ ਕਰ ਸਕਣਗੇ। SBI ਕਾਰਡ ਨੂੰ ਸਵਾਈਪ ਕਰਨ ਜਾਂ ਪਾਉਣ ਦੀ ਜ਼ਰੂਰਤ ਨਹੀਂ ਹੈ। ਇਸ ਰਾਹੀਂ ਪਿੰਨ ਪਾਏ ਬਿਨ੍ਹਾਂ ਹੀ 2000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
ਦਰਅਸਲ, ਵਾਚ ਸਟ੍ਰੈਪ ਵਿੱਚ ਇੱਕ ਸੁਰੱਖਿਅਤ ਪ੍ਰਮਾਣਿਤ ਨਿਅਰ-ਫੀਲਡ ਕਮਿਊਨੀਕੇਸ਼ਨ (NFC) ਚਿੱਪ ਹੈ ਜੋ ਸਟੈਂਡਰਡ ਸੰਪਰਕ ਰਹਿਤ SBI ਡੈਬਿਟ ਕਾਰਡ ਦੇ ਸਾਰੇ ਕਾਰਜਾਂ ਨੂੰ ਸਮਰੱਥ ਬਣਾਉਂਦੀ ਹੈ। ਇਸ ਬਾਰੇ SBI ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਗਾਹਕ ਨੂੰ YONO ਦਾ ਰਜਿਸਟਰਡ ਉਪਭੋਗਤਾ ਹੋਣਾ ਪਵੇਗਾ।
ਦੱਸ ਦੇਈਏ ਕਿ TITAN ਦੀਆਂ ਘੜੀਆਂ ਵਿੱਚ ਮੌਜੂਦ ਇਸ ਪੇਮੈਂਟ ਫ਼ੀਚਰ ਨੂੰ ਦੇਸ਼ ਭਰ ਵਿੱਚ 20 ਲੱਖ ਤੋਂ ਵੱਧ ਸੰਪਰਕ ਰਹਿਤ ਮਾਸਟਰਕਾਰਡ ਸਮਰਥਿਤ ਪੁਆਇੰਟ ਆਫ ਸੇਲ POS) ਮਸ਼ੀਨਾਂ ਵਿੱਚ ਵਰਤਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘੜੀ ਦੀ ਕੀਮਤ 2995 ਤੋਂ 5995 ਰੁਪਏ ਦੇ ਵਿਚਕਾਰ ਹੋਵੇਗੀ। ਐਕਸਕਲੂਸਿਵ ਕੁਲੈਕਸ਼ਨ ਵਿੱਚ ਪੁਰਸ਼ਾਂ ਲਈ ਤਿੰਨ ਸਟਾਇਲ ਅਤੇ ਔਰਤਾਂ ਲਈ ਦੋ ਸਟਾਇਲ ਸ਼ਾਮਿਲ ਹਨ।