SBI core banking system: ਸਟੇਟ ਬੈਂਕ ਆਫ਼ ਇੰਡੀਆ (SBI) ਦੀਆਂ ਆਨਲਾਈਨ ਬੈਂਕਿੰਗ ਸੇਵਾਵਾਂ ਤਕਨੀਕੀ ਸਮੱਸਿਆ ਕਾਰਨ ਠੱਪ ਹੋ ਗਈਆਂ ਹਨ। ਇਸ ਬਾਰੇ ਬੈਂਕ ਨੇ ਖ਼ੁਦ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਹਾਲਾਂਕਿ, ATM ਅਤੇ POS ਮਸ਼ੀਨਾਂ ਪ੍ਰਭਾਵਿਤ ਨਹੀਂ ਹਨ। ਬੈਂਕ ਨੇ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਸਾਡੇ ਨਾਲ ਰਹਿਣ ਦੀ ਬੇਨਤੀ ਕਰਦੇ ਹਾਂ । ਜਲਦੀ ਹੀ ਆਮ ਸੇਵਾ ਦੁਬਾਰਾ ਸ਼ੁਰੂ ਹੋ ਜਾਵੇਗੀ। SBI ਨੇ ਟਵੀਟ ਵਿੱਚ ਲਿਖਿਆ, ‘ਕੁਨੈਕਟੀਵਿਟੀ ਦੀ ਸਮੱਸਿਆ ਕਾਰਨ ਅੱਜ ਸਾਡੀਆਂ ਕੋਰ ਬੈਂਕਿੰਗ ਸੇਵਾਵਾਂ ਗਾਹਕਾਂ ਲਈ ਉਪਲਬਧ ਨਹੀਂ ਹਨ । ਸਾਨੂੰ ਉਮੀਦ ਹੈ ਕਿ ਇਹ ਸੇਵਾ ਜਲਦੀ ਹੀ ਆਮ ਵਾਂਗ ਕਰ ਦਿੱਤੀ ਜਾਵੇਗੀ। ATM ਅਤੇ POS ਤੋਂ ਇਲਾਵਾ ਹੋਰ ਸਾਰੇ ਚੈਨਲ ਪ੍ਰਭਾਵਿਤ ਹੋਏ ਹਨ।
ਗੌਰਤਲਬ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਕੋਲ 44 ਕਰੋੜ ਗਾਹਕਾਂ ਦੀ ਵੱਡੀ ਸੰਖਿਆ ਹੈ, ਜਿਸ ਨੂੰ ਦੇਖਦੇ ਹੋਏ ਕਿ ਇਹ ਇੱਕ ਵੱਡੀ ਪ੍ਰੇਸ਼ਾਨੀ ਦੀ ਗੱਲ ਹੈ। ਸਟੇਟ ਬੈਂਕ ਆਫ ਇੰਡੀਆ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਜਿਸਦੀ ਕੁੱਲ੍ਹ ਜਮ੍ਹਾਂ ਅਤੇ ਕਰਜ਼ਿਆਂ ਵਿੱਚ ਬਾਜ਼ਾਰ ਵਿੱਚ 25% ਹਿੱਸਾ ਹੈ । ਇਸ ਦੀਆਂ ਦੇਸ਼ ਭਰ ਵਿੱਚ 24 ਹਜ਼ਾਰ ਦੇ ਕਰੀਬ ਸ਼ਾਖਾਵਾਂ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ, ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਗਾਹਕਾਂ ਨੂੰ ATM ਆਪਣੇ ਘਰ ਤੱਕ ਮੰਗਵਾਉਣ ਲਈ ਸਿਰਫ ਇੱਕ ਫੋਨ ਕਾਲ ਜਾਂ ਵਟਸਐਪ ‘ਤੇ ਇੱਕ ਮੈਸੇਜ ਕਰਨਾ ਪਵੇਗਾ। ਇਸ ਦੇ ਲਈ SBI ਨੇ ਦੋ ਨੰਬਰ (7052911911 ਅਤੇ 7760529264) ਜਾਰੀ ਕੀਤੇ ਹਨ।