SBI Home loan rate: ਜੇ ਤੁਸੀਂ ਭਾਰਤੀ ਸਟੇਟ ਬੈਂਕ ਯਾਨੀ SBI ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ । SBI ਦਾ ਨਵਾਂ ਨਿਯਮ 10 ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ । ਇਸਦਾ ਫਾਇਦਾ ਕਰੋੜਾਂ ਗਾਹਕ ਲੈ ਸਕਦੇ ਹਨ । ਦਰਅਸਲ, SBI ਨੇ 10 ਜੂਨ ਤੋਂ ਆਪਣੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਵਿਆਜ ਦਰ (MCLR) ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ । ਇਸ ਕਟੌਤੀ ਤੋਂ ਬਾਅਦ ਇੱਕ ਸਾਲ ਦੀ ਮਿਆਦ ਦੀ MCLR ਦਰ 7.25 ਪ੍ਰਤੀਸ਼ਤ ਤੋਂ ਘਟਾ ਕੇ 7 ਪ੍ਰਤੀਸ਼ਤ ਕਰ ਦਿੱਤੀ ਗਈ ਹੈ ।
ਦੱਸ ਦੇਈਏ ਕਿ ਬੈਂਕ ਨੇ ਲਗਾਤਾਰ 13ਵੀਂ ਵਾਰ MCLR ਰੇਟ ਘਟਾ ਦਿੱਤਾ ਹੈ । ਇਸ ਤੋਂ ਪਹਿਲਾਂ SBI ਨੇ ਬਾਹਰੀ ਬੈਂਚਮਾਰਕ ਵਿਆਜ ਦਰ (EBR) ਨੂੰ 7.05 ਪ੍ਰਤੀਸ਼ਤ ਤੋਂ ਘਟਾ ਕੇ 6.65 ਪ੍ਰਤੀਸ਼ਤ ਸਾਲਾਨਾ ਕਰ ਦਿੱਤਾ ਸੀ । ਇਸ ਦੇ ਨਾਲ ਹੀ ਰੈਪੋ ਰੇਟ ਨਾਲ ਜੁੜੀ ਵਿਆਜ ਦਰ ਨੂੰ 6.65 ਪ੍ਰਤੀਸ਼ਤ ਤੋਂ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ । ਹਾਲਾਂਕਿ, ਇਹ ਨਵੀਆਂ ਦਰਾਂ ਜੁਲਾਈ ਵਿੱਚ ਲਾਗੂ ਹੋ ਜਾਣਗੀਆਂ ।
ਬੈਂਕ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “MCLR ਰੇਟ ਨਾਲ ਜੁੜੇ ਘਰੇਲੂ ਕਰਜ਼ੇ ਦੀ ਉਸੇ ਮਹੀਨੇਵਾਰ ਕਿਸ਼ਤ ਦੀ ਰਕਮ ਵਿੱਚ 421 ਰੁਪਏ ਦੀ ਕਮੀ ਆਵੇਗੀ । ਇਸ ਦੇ ਨਾਲ ਹੀ EBR, RLLR ਲਿੰਕਡ ਹੋਮ ਲੋਨ ਦੀ ਮਾਸਿਕ ਕਿਸ਼ਤ ਵਿਚ 660 ਰੁਪਏ ਦੀ ਕਮੀ ਆਵੇਗੀ । ਇਹ ਹਿਸਾਬ 30 ਸਾਲਾਂ ਦੀ ਮਿਆਦ ਲਈ 25 ਲੱਖ ਰੁਪਏ ਤੱਕ ਦੇ ਹੋਮ ਲੋਨ ‘ਤੇ ਕੀਤਾ ਗਿਆ ਹੈ ।”
ਦੱਸ ਦੇਈਏ ਕਿ ਕੋਰੋਨਾ ਸੰਕਟ ਵਿੱਚ ਕਰਜ਼ੇ ਦੀ ਵੰਡ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਇਸਦੇ ਲਈ ਕੇਂਦਰੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ । ਇਹੀ ਕਾਰਨ ਹੈ ਕਿ ਰਿਜ਼ਰਵ ਬੈਂਕ ਨੇ ਲਾਕਡਾਊਨ ਵਿੱਚ ਦੋ ਵਾਰ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ। ਇਸ ਵੇਲੇ ਰੈਪੋ ਰੇਟ 4 ਪ੍ਰਤੀਸ਼ਤ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ. ਇਸਦੇ ਨਾਲ ਹੀ RBI ਨੇ ਬੈਂਕਾਂ ਨੂੰ ਇਸ ਦਾ ਲਾਭ ਗਾਹਕਾਂ ਤੱਕ ਲੈਣ ਲਈ ਕਿਹਾ ਹੈ ।