State GST Fake Bill: ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 12 ਜੂਨ: ਸਟੇਟ ਜੀ.ਐਸ.ਟੀ ਵਿਭਾਗ ਵੱਲੋਂ ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ-1, ਪੰਜਾਬ, ਸ਼ੌਕਤ ਅਹਿਮਦ ਪਰੇ ਅਤੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਲੁਧਿਆਣਾ ਡਿਵਜ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤਿੰਨ ਟੀਮਾਂ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਰੇਡ ਕਰ ਕੇ ਜਾਅਲੀ ਬਿੱਲਾਂ ਦੇ 350 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ। ਇਨ੍ਹਾਂ ਤਿੰਨ ਟੀਮਾਂ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ, ਮੋਬਾਇਲ ਵਿੰਗ ਲੁਧਿਆਣਾ ਵੀ.ਪੀ.ਸਿੰਘ ਬਾਵਾ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਮੋਬਾਇਲ ਵਿੰਗ ਜਲੰਧਰ, ਪਵਨਜੀਤ ਸਿੰਘ ਅਤੇ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ, ਫਤਹਿਗੜ੍ਹ ਸਾਹਿਬ, ਸ੍ਰੀਮਤੀ ਸੁਨੀਤਾ ਬੱਤਰਾ ਨੇ ਕੀਤੀ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ੍ਰੀਮਤੀ ਬੱਤਰਾ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਫਰਮਾਂ ਦੇ ਨੈਟਵਰਕ ਵੱਲੋਂ ਜ਼ਾਅਲੀ ਇਨਵੁਆਇਸਾਂ ਜਾਰੀ ਕਰਨ ਦੇ ਨਾਲ ਨਾਲ ਪੰਜਾਬ ਵਿੱਚ ਵੱਖ ਵੱਖ ਫਰਮਾਂ ਨੂੰ ਜ਼ਾਅਲੀ ਇੰਨਪੁੱਟ ਟੈਕਸ ਕਰੈਡਿਟ ਵੀ ਦਿੱਤਾ ਜਾ ਰਿਹਾ ਸੀ।
ਵਿਭਾਗ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ 10 ਫਰਮਾਂ ਨੇ ਇੱਕ ਦੂਜੇ ਨਾਲ ਰਲ ਕੇ 350 ਕਰੋੜ ਰੁਪਏ ਦੇ ਜ਼ਾਅਲੀ ਇਨਵੁਆਇਸ਼ਾਂ ਜ਼ਾਰੀ ਕੀਤੀਆਂ, ਜਿਸ ਵਿੱਚ 45 ਕਰੋੜ ਰੁਪਏ ਟੈਕਸ ਸ਼ਾਮਿਲ ਸੀ। ਇਨ੍ਹਾਂ ਫਰਮਾਂ ਸਬੰਧੀ ਵੱਖ ਵੱਖ ਬੈਂਕਾਂ ਜ਼ਰੀਏ 70 ਕਰੋੜ ਰੁਪਏ ਕਢਵਾਏ ਗਏ। ਇਨ੍ਹਾਂ ਫਰਮਾਂ ਨੇ ਵਸਤਾਂ ਦੀ ਬਿਨਾਂ ਕਿਸੇ ਇੰਨਵਰਡ ਜਾਂ ਆਊਟਵਰਡ ਸਪਲਾਈ ਕੀਤਿਆਂ ਬਿਲ ਜ਼ਾਰੀ ਕੀਤੇ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਸਿੱਧੇ ਤੌਰ ਤੇ 45 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼੍ਰੀਮਤੀ ਬੱਤਰਾ ਨੇ ਦੱਸਿਆ ਕਿ ਇਸ ਸਬੰਧੀ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਗੰਗਾ ਰਾਮ ਪ੍ਰੋਪਰਾਇਟਰ, ਐਮ/ਐਸ ਜੀ.ਕੇ. ਇੰਟਰਪ੍ਰਾਇਜਿਜ਼ ਅਤੇ ਐਮ/ਐਸ ਦੀਪਿਕਾ ਸਟੀਲ ਇੰਡਸਟਰੀਜ਼, ਅਮਿਤ ਕੁਮਾਰ ਪ੍ਰੋਪਰਾਇਟਰ, ਐਮ/ਐਸ ਕਿੰਗ ਸੇਲਜ਼ ਕਾਰਪੋਰੇਸ਼ਨ ਅਤੇ ਐਮ/ਐਸ ਈਸ਼ਿਕਾ ਟਰ੍ਰੇਡਜ਼ ਅਤੇ ਵਿਸ਼ੇਸ਼ ਕੁਮਾਰ ਪ੍ਰੋਪਰਾਇਟਰ ਐਮ/ਐਸ ਵਿਸ਼ਨੂੰ ਇੰਟਰਪ੍ਰਾਇਜ਼ਿਜ਼ ਸ਼ਾਮਲ ਹਨ। ਵਿਭਾਗ ਨੇ ਮੁਲਜ਼ਮਾਂ ਦੀ ਰਿਹਾਇਸ ਤੋਂ ਕੁਝ ਕਾਗਜਾਤ ਵੀ ਬਰਾਮਦ ਕੀਤੇ ਹਨ। ਜਿਨ੍ਹਾਂ ਦੀ ਪੜ੍ਹਤਾਲ ਤੋਂ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ ਜਿਨ੍ਹਾਂ ਨੇ ਜ਼ਾਅਲੀ ਇੰਨਵੁਆਇਸ਼ਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਿਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।