ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ‘ਦਿ ਹੋਪ ਇਨੀਸ਼ੀਏਟਿਵ’ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਗਈ। ਹੈਰੀਟੇਜ ਸਟਰੀਟ ਵਿਖੇ ਹਜ਼ਾਰਾਂ ਵਿਦਿਆਰਥੀ ਪੀਲੀਆਂ ਪੱਗਾਂ ਬੰਨ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸੀ.ਐਮ ਮਾਨ ਵੀ ਉੱਥੇ ਪਹੁੰਚੇ ਅਤੇ ਸਾਰਿਆਂ ਦੇ ਨਾਲ ਮਿਲ ਕੇ ਨਸ਼ੇ ਖਿਲਾਫ ਅਰਦਾਸ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਹੋਪ ਇਨੀਸ਼ੀਏਟਿਵ-ਅਰਦਾਸ, ਸਹੁੰ ਅਤੇ ਖੇਡ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਨਾਂ ਤਿੰਨ ਰਿਕਾਰਡ ਆਪਣੇ ਨਾਂ ਕੀਤੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਵਾਕਾਥਨ ਨਾਲ ਹੋਈ। ਇਸ ਵਿੱਚ 30 ਹਜ਼ਾਰ ਬੱਚਿਆਂ ਨੇ ਹਿੱਸਾ ਲਿਆ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਬਣਾਇਆ। ਇਨ੍ਹਾਂ ਬੱਚਿਆਂ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਲਈ ਇੰਡੀਆ ਬੁੱਕ ਆਫ ਰਿਕਾਰਡਸ ਅਤੇ ਨਸ਼ੇ ਖਿਲਾਫ ਸਹੁੰ ਲਈ ਗੋਲਡਨ ਬੁੱਕ ਆਫ ਰਿਕਾਰਡ ਅੰਮ੍ਰਿਤਸਰ ਦੇ ਨਾਂ ਹੋ ਗਿਆ ਹੈ।
ਅਰਦਾਸ ਵਿੱਚ ਜ਼ਿਲ੍ਹੇ ਦੇ 56 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 30 ਹਜ਼ਾਰ ਬੱਚਿਆਂ ਨੇ ਸ਼ਮੂਲੀਅਤ ਕੀਤੀ। ਅਰਦਾਸ ਤੋਂ ਪਹਿਲਾਂ ਸਮੂਹ ਵਿਦਿਆਰਥੀਆਂ ਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਇਆ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਜਿਸ ਤੋਂ ਬਾਅਦ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ CM ਮਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।
CM ਮਾਨ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ, ਇਹ ਸਾਡਾ ਮਿਸ਼ਨ ਹੈ। ਅੱਜ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਇੱਥੇ ਪੁੱਜੇ ਤੀਹ ਹਜ਼ਾਰ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਣ ਕੀਤਾ ਹੈ ਕਿ ਉਹ ਨਸ਼ਿਆਂ ਦੀ ਦਲਦਲ ਵਿੱਚ ਨਹੀਂ ਫਸਣਗੇ। ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ-ਖੇਡਾਂ ਵਤਨ ਪੰਜਾਬ ਦੀਆਂ। ਇਸ ਤਹਿਤ ਪਿੰਡਾਂ ਅਤੇ ਕਸਬਿਆਂ ਦੇ ਬੱਚਿਆਂ ਨੂੰ ਇੱਥੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਮਾੜੀ ਸੰਗਤ ਵਿੱਚ ਨਾ ਫਸਣ।
ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਲੋੜ ਹੈ। ਬਹੁਤ ਚੰਗਾ ਲੱਗਦਾ ਹੈ ਕਿ ਪਿੰਡਾਂ ਦੇ ਬੱਚੇ ਹੁਣ ਕਲਰਕ, ਪਟਵਾਰੀ ਅਤੇ ਜੱਜ ਬਣ ਰਹੇ ਹਨ। ਸਹੀ ਦਿਸ਼ਾ ਵਿੱਚ ਜਾ ਰਹੇ ਹਾਂ। ਸਫਲਤਾ ਦਾ ਇੱਕੋ-ਇੱਕ ਸੱਚਾ ਰਸਤਾ ਸਖ਼ਤ ਮਿਹਨਤ ਹੈ। ਸੀਐਮ ਮਾਨ ਨੇ ਅੱਗੇ ਕਿਹਾ ਕਿ ਏਸ਼ੀਅਨ ਖੇਡਾਂ ਵਿੱਚ ਰਿਕਾਰਡ 19 ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੁਲਿਸ ਵਿੱਚ ਭਰਤੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੋ ਗਈ ਸ਼ੁਰੂਆਤ, X ਇਸਤੇਮਾਲ ਕਰਨਾ ਹੈ ਤਾਂ ਦੇਣੇ ਪਊ ਪੈਸੇ, ਐਲਨ ਮਸਕ ਦਾ ਨਵਾਂ ਪਲਾਨ
ਸਰਕਾਰ ਨੌਕਰੀਆਂ ਦੇਣ ਦਾ ਪ੍ਰਬੰਧ ਕਰ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਿੱਖਿਆ ਦੇ ਮਾਰਗ ’ਤੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਰਦਾਸ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਰਦਾਸ ਹੈ ਕਿ ਅਸੀਂ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਸਮਾਜ ਦੀਆਂ ਜ਼ਿੰਮੇਵਾਰੀਆਂ ਨਿਭਾਈਏ। ਇਹ ਮੁਹਿੰਮ ਪੁਲਿਸ ਜਾਂ ਸਰਕਾਰ ਦੀ ਨਹੀਂ ਹੈ। ਹੁਣ ਪਿੰਡ ਪੱਧਰ ‘ਤੇ ਕਮੇਟੀਆਂ ਬਣਾਈਆਂ ਜਾਣਗੀਆਂ, ਜੇਕਰ ਕੋਈ ਨਸ਼ੇ ‘ਚ ਫਸਿਆ ਹੈ ਤਾਂ ਉਸ ਦਾ ਇਲਾਜ ਕਰਕੇ ਉਸ ਨੂੰ ਬਾਹਰ ਕੱਢਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: