Chidambaram takes a dig: ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਤੇ ਦੇਸ਼ ਦੀ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ‘ਐਕਟ ਆਫ ਗੌਡ’ ਦੇ ਬਿਆਨ ਲਈ ਨਿਸ਼ਾਨਾ ਸਾਧਿਆ ਹੈ। ਚਿਦਾਂਬਰਮ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਅਤੇ ਸਰਕਾਰ ਨੂੰ ਸਵਾਲ ਪੁੱਛੇ। ਚਿਦੰਬਰਮ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ‘ਜੇ ਇਹ ਮਹਾਂਮਾਰੀ ਇੱਕ ਬ੍ਰਹਮ ਘਟਨਾ ਹੈ ਤਾਂ ਅਸੀਂ 2017-18, 2018-19 ਅਤੇ 2019-20 ਦੌਰਾਨ ਅਰਥ-ਵਿਵਸਥਾ ਵਿੱਚ ਹੋਏ ਦੁਰਪ੍ਰਬੰਧ ਦਾ ਵਰਣਨ ਕਿਵੇਂ ਕਰਾਂਗੇ? ਕੀ ਵਿੱਤ ਮੰਤਰੀ ਰੱਬ ਦੇ ਦੂਤ ਵਜੋਂ ਜਵਾਬ ਦੇਣਗੇ।
ਉਨ੍ਹਾਂ ਅੱਗੇ ਲਿਖਿਆ, ‘ਮੋਦੀ ਸਰਕਾਰ ਵੱਲੋਂ GST ਮੁਆਵਜਾ ਅੰਤਰ ਨੂੰ ਘਟਾਉਣ ਲਈ ਰਾਜਾਂ ਨੂੰ ਦਿੱਤੇ ਦੋ ਵਿਕਲਪ ਸਵੀਕਾਰ ਨਹੀਂ ਹਨ। ਪਹਿਲੇ ਵਿਕਲਪ ਵਿੱਚ ਰਾਜਾਂ ਨੂੰ ਮੁਆਵਜ਼ਾ ਸੈੱਸ ਦੇ ਅਧੀਨ ਆਪਣੀਆਂ ਭਵਿੱਖ ਦੀਆਂ ਪ੍ਰਾਪਤੀਆਂ ਦਾ ਵਾਅਦਾ ਕਰਕੇ ਉਧਾਰ ਲੈਣ ਲਈ ਕਿਹਾ ਜਾਂਦਾ ਹੈ। ਵਿੱਤੀ ਬੋਝ ਪੂਰੀ ਤਰ੍ਹਾਂ ਨਾਲ ਰਾਜਾਂ ‘ਤੇ ਪੈਂਦਾ ਹੈ। ਚਿਦੰਬਰਮ ਨੇ ਲਿਖਿਆ, ‘ਦੂਜੇ ਵਿਕਲਪ ਦੇ ਤਹਿਤ ਰਾਜਾਂ ਨੂੰ RBI ਵਿੰਡੋ ਤੋਂ ਕਰਜ਼ਾ ਲੈਣ ਲਈ ਕਿਹਾ ਜਾਂਦਾ ਹੈ। ਇਹ ਵਧੇਰੇ ਬਾਜ਼ਾਰ ਉਧਾਰ ਹੈ, ਸਿਰਫ ਇੱਕ ਵੱਖਰੇ ਨਾਮ ਨਾਲ। ਫਿਰ ਸਾਰਾ ਵਿੱਤੀ ਬੋਝ ਰਾਜਾਂ ‘ਤੇ ਪੈਂਦਾ ਹੈ। ਕੇਂਦਰ ਸਰਕਾਰ ਆਪਣੇ ਆਪ ਨੂੰ ਕਿਸੇ ਵਿੱਤੀ ਜ਼ਿੰਮੇਵਾਰੀ ਤੋਂ ਹਟਾ ਰਹੀ ਹੈ । ਇਹ ਘੋਰ ਧੋਖਾ ਹੈ ਅਤੇ ਇਹ ਕਾਨੂੰਨ ਦੀ ਸਿੱਧੀ ਉਲੰਘਣਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਗਾਉਂਦੇ ਕਿਹਾ ਕਿ ਨੋਟਬੰਦੀ,‘ਖਰਾਬ ਜੀਐਸਟੀ’ ਅਤੇ ‘ਅਸਫਲ ਲਾਕਡਾਊਨ’ ਕਾਰਨ ਆਰਥਿਕਤਾ ਤਬਾਹ ਹੋਈ ਸੀ। ਉਨ੍ਹਾਂ ਨੇ ਵਿੱਤ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਟਵੀਟ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕਤਾ ਤਿੰਨ ਕਦਮਾਂ- ਨੋਟਬੰਦੀ, ਜੀਐਸਟੀ ਦੀ ਘਾਟ ਅਤੇ ਅਸਫਲ ਲਾਕਡਾਊਨ ਕਾਰਨ ਤਬਾਹ ਹੋ ਗਈ। ਇਸ ਤੋਂ ਇਲਾਵਾ ਦੂਜਿਆਂ ਗੱਲਾਂ ਝੂਠੀਆਂ ਹਨ।
ਗੌਰਤਲਬ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਕੋਵਿਡ -19 ਮਹਾਂਮਾਰੀ ਨਾਲ ਆਰਥਿਕਤਾ ਪ੍ਰਭਾਵਿਤ ਹੋਈਆਂ ਹੈ, ਜੋ ਕਿ ਇੱਕ ਬ੍ਰਹਮ ਘਟਨਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਸੁੰਗੜਨ ਦਾ ਕਾਰਨ ਬਣੇਗੀ । ਮੌਜੂਦਾ ਵਿੱਤੀ ਵਰ੍ਹੇ ਵਿੱਚ ਜੀਐਸਟੀ ਦੀ ਆਮਦਨੀ ਵਿੱਚ 2.35 ਲੱਖ ਕਰੋੜ ਰੁਪਏ ਦੀ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ ।