ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਥੋੜ੍ਹੀ ਦੇਰ ਵਿੱਚ ਚੌਥੇ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਦੀ ਮੀਟਿੰਗ ਹੋਈ, ਜਿਸ ਵਿੱਚ ਖੇਤੀਬਾੜੀ ਮੰਤਰੀ ਵੀ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ CM ਮਾਨ ਵੀ ਇਸ ਮੀਟਿੰਗ ਵਿੱਚ ਸ਼ਾਮਲ ਰਹਿ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਿੰਨ ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਜੋਕਿ ਕਈ-ਕਈ ਘੰਟੇ ਚੱਲੀਆਂ ਪਰ ਉਸ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਇਹ ਮੀਟਿੰਗ ਤੋਂ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲਣ ਦੀ ਆਸ ਵਿੱਚ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਭਰੋਸੇ ਤੋਂ ਬਾਅਦ ਆਪਣਾ ਦਿੱਲੀ ਕੂਚ ਦਾ ਮਾਰਚ ਐਤਵਾਰ ਤੱਕ ਰੋਕ ਦਿੱਤਾ ਦਿੱਤਾ ਸੀ ਪਰ ਕਿਸਾਨ ਸ਼ੰਭੂ ਬਾਰਡਰਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਇਹ ਅੰਦੋਲਨ ਅੱਗੇ ਵਧੇਗਾ ਜਾਂ ਇਥੇ ਹੀ ਖਤਮ ਹੋਵੇਗਾ, ਇਸ ਦਾ ਫੈਸਲਾ ਇਸ ਮੀਟਿੰਗ ਮਗਰੋਂ ਹੋਵੇਗਾ।
ਇਹ ਮੀਟਿੰਗਗ ਚੰਡੀਗੜ੍ਹ ਦੇ ਸੈਕਟਰ-26 ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ ਹੋਣ ਜਾ ਰਹੀ ਹੈ। ਅਰਜੁਨ ਮੁੰਡਾ, ਪੀਊਸ਼ ਗੋਇਲ ਸਣੇ ਕਈ ਸੀਨੀਅਰ ਕੇਂਦਰੀ ਮੰਤਰੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਦੇ ਹੋਟਲ ਤੋਂ ਰਵਾਨਾ ਹੋ ਚੁੱਕੇ ਹਨ। ਕੁਝ ਹੀ ਦੇਰ ਵਿੱਚ ਮੀਟਿੰਗ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਅੱਜ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਟਾਲਮਟੋਲ ਦੀ ਨੀਤੀ ਨਾ ਅਪਣਾਏ ਕਿ ਮੀਟਿੰਗਾਂ ਤੇ ਮੀਟਿੰਗਾਂ ਕਰਦੀ ਰਹੇ ਤੇ ਫਿਰ ਕਹੇ ਕਿ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਕਿਸਾਨ ਜਾਣ ਵਾਲੇ ਨਹੀਂ ਹਨ। ਇਹ ਅੰਦੋਲਨ ਕਿਸੇ ਸਿਆਸੀ ਪਾਰਟੀ ਤੋਂ ਸਪਾਂਸਰ ਨਹੀਂ ਕੀਤਾ ਗਿਆ ਹੈ, ਅਸੀਂ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਾ ਚਾਹ ਰਹੇ ਹਾਂ। ਸਰਕਾਰ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਕੱਢੇ, ਤਾਂਕਿ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਨਾਲ ਝੱਲਣਾ ਪਏ।
ਇਹ ਵੀ ਪੜ੍ਹੋ : SKM ਦਾ ਵੱਡਾ ਐਲਾਨ! 3 ਦਿਨ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਨਗੇ ਕਿਸਾਨ
ਉਥੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿੱਚ ਵੱਡੀ ਮੀਟਿੰਗ ਹੋਈ, ਜਿਸ ਮਗਰੋਂ ਕਿਸਾਨਾਂ ਨੇ ਵੱਡਾ ਫੈਸਲਾ ਲੈਂਦੇ ਹੋਏ 20, 21, 22 ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਵੀ ਕਿਸਾਨ ਧਰਨਾ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਇੱਕ ਹੋਰ ਫੈਸਲਾ ਲਿਆ ਗਿਆ ਕਿ ਰੇਲ ਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ। ਦਰਅਸਲ ਡੇਰਾ ਬੱਲਾਂ ਦੇ ਮੁਖੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਗੁਰੂ ਰਵਿਦਾਸ ਜੀ ਦੀ ਜਯੰਤੀ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਸਥਾਨਾਂ ‘ਤੇ ਪਹੁੰਚਦੀਆਂ ਹਨ, ਜਿਸ ਕਰਕੇ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ ਰੇਲਾਂ ਰੋਕਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।