ਪੰਜਾਬ ਸਰਕਾਰ ਸਿਹਤ ਕ੍ਰਾਂਤੀ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਅੱਗੇ ਵਧਾ ਰਹੀ ਹੈ, 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਵਾਰਡ ਦਾ ਉਦਘਾਟਨ ਕਰਨਗੇ। ਉਨ੍ਹਾਂ ਵੱਲੋਂ ਆਈ.ਸੀ.ਯੂ. ਅਤੇ ਐਨ.ਆਈ.ਸੀ.ਯੂ ਦਾ ਉਦਘਾਟਨ ਕੀਤਾ ਜਾਵੇਗਾ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਵੀ ਕਰਨਗੇ।
ਇਹ ਜਾਣਕਾਰੀ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਤੇ ਸੀਐੱਮ ਦੀ ਯੋਗਸ਼ਾਲਾ ਦੀ ਸਫਲਤਾ ਦੇ ਬਾਅਦ ਇਹ ਇਸ ਦਿਸ਼ਾ ਵਿਚ ਇਕ ਹੋਰ ਕਦਮ ਹੈ। ਮਾਤਾ ਕੌਸ਼ੱਲਿਆ ਹਸਪਤਾਲ ਦੇ ਇਸ ਨਵੇਂ ਵਾਰਡ ਵਿਚ 66 ਨਵੇਂ ਬੈੱਡ ਹੋਣਗੇ ਜਿਸ ਵਿਚ ਵੈਂਟੀਲੇਟਰ ਤੇ ਕਾਰਡੀਅਕ ਮਾਨਿਟਰ ਵਾਲੇ ਬੈੱਡ ਵੀ ਹੋਣਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਪ ਸਰਕਾਰ ਨੇ ਰਾਜ ਅੰਦਰ 664 ਆਮ ਆਦਮੀ ਕਲੀਨਿਕ ਖੋਲ੍ਹੇ, ਜਿਨ੍ਹਾਂ ਵਿੱਚ 58 ਲੱਖ ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਸੂਬਾ ਵਾਸੀਆਂ ਨੂੰ ਬਿਹਤਰ ਤੇ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਬਨਣ ਤੋਂ ਬਾਅਦ ਲੋਕਾਂ ਨੂੰ ਬਿਮਾਰੀਆਂ ਦਾ ਜਲਦੀ ਪਤਾ ਲੱਗ ਜਾਂਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਜਾਨ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲਦਾ ਹੈ। ਜਦੋਂਕਿ ਸੀਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਉਤਸ਼ਾਹਿਤ ਕਰ ਰਹੀ ਹੈ।
ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਸਾਡੀ ਸਰਕਾਰ ਦਾ ਅਗਲਾ ਟੀਚਾ ਸੈਕੰਡਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ। ਇਸ ਲਈ 550 ਕਰੋੜ ਖ਼ਰਚਕੇ ਸਾਰੇ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਮਰਜੈਂਸੀ ਬਲਾਕ, ਸੀਟੀ ਸਕੈਨ, ਐਮਆਰਆਈ, ਵੈਂਟੀਲੇਟਰ, ਕਾਰਡੀਅਕ ਮਾਨੀਟਰ ਬੈੱਡ ਆਦਿ ਦੇ ਨਾਲ ਲੈਸ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: