ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਕਈ ਕਦਮ ਚੁੱਕ ਰਹੇ ਹਨ। ਇਸੇ ਉਦੇਸ਼ ਨਾਲ ਸੀ.ਐੱਮ. ਮਾਨ ਨੇ ਅੱਜ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਦੇਸ਼ ਵਿੱਚ ਇਹ ਆਪਣੀ ਕਿਸਮ ਦਾ ਦੂਜਾ ਹਸਪਤਾਲ ਹੈ ਜਿੱਥੇ ਲਿਵਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਅਤਿ-ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਨਾਲ ਕੀਤਾ ਜਾਵੇਗਾ।
ਇਸ ਇੰਸਟੀਚਿਊਟ ਦੀ ਸਥਾਪਨਾ 40 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤੀ ਗਈ ਹੈ ਅਤੇ ਇਸ ਵਿੱਚ 80 ਡਾਕਟਰ, 150 ਸਟਾਫ ਨਰਸਾਂ ਅਤੇ 200 ਗਰੁੱਪ-ਡੀ ਕਰਮਚਾਰੀਆਂ ਸਮੇਤ 450 ਦੇ ਕਰੀਬ ਸਟਾਫ਼ ਹੋਵੇਗਾ। ਪ੍ਰੋਫੈਸਰ ਵਰਿੰਦਰ ਸਿੰਘ, ਜੋ ਕਿ ਹੈਪੇਟੋਲੋਜੀ ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਹਨ, ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਇਸ ਸੰਸਥਾ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਇਨਡੋਰ ਅਤੇ ਐਮਰਜੈਂਸੀ ਸੇਵਾਵਾਂ ਰਾਹੀਂ ਲਿਵਰ ਸਬੰਧੀ ਬਿਮਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਇਲਾਜ ਕੀਤਾ ਜਾਵੇਗਾ। ਇਸ ਦਾ ਉਦੇਸ਼ ਪੰਜਾਬ ਨੂੰ ਦੇਸ਼ ਭਰ ਵਿੱਚ ਮੈਡੀਕਲ ਸਿਹਤ ਸਹੂਲਤਾਂ ਦਾ ਕੇਂਦਰ ਬਣਾਉਣਾ ਹੈ।
ਇਹ ਵੀ ਪੜ੍ਹੋ : ‘ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਹਾਈਕੋਰਟ ਸਖ਼ਤ, ਬਿਨਾਂ ਇਜਾਜ਼ਤ ਨਹੀਂ ਮਿਲੇਗੀ ਫਰਲੋ
ਇਸ ਸੰਸਥਾ ਦੀ ਸਥਾਪਨਾ ਸਬੰਧੀ 2022 ਦੇ ਬਜਟ ਸੈਸ਼ਨ ਵਿੱਚ ਐਲਾਨ ਕੀਤਾ ਗਿਆ ਸੀ ਅਤੇ ਇਹ ਪੰਜਾਬ ਦੀ ਪਹਿਲੀ ਸਰਕਾਰੀ ਸਿਹਤ ਸੰਸਥਾ ਹੋਵੇਗੀ, ਜਿਸ ਵਿੱਚ ਮਰੀਜ਼ਾਂ ਨੂੰ ਐਂਡੋਸਕੋਪੀ, ਫਾਈਬਰੋਸਕੋਪੀ ਅਤੇ ਐਂਡੋਸਕੋਪਿਕ ਅਲਟਰਾਸਾਊਂਡ ਵਰਗੀਆਂ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਸਥਾ ਦੇ ਮਾਹਿਰਾਂ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੈਲੀ-ਮੈਡੀਸਨ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਹੈਪੇਟੋਲੋਜੀ ਵਿੱਚ ਸਿਖਲਾਈ ਅਤੇ ਖੋਜ ਸਹੂਲਤਾਂ ਲਈ ਇਸ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਗਿਆ ਹੈ।