ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਵਿੱਚ ਹਾਲੈਂਡ ਦੀ ਇੱਕ ਕੰਪਨੀ ਵੱਲੋਂ 138 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਪਸ਼ੂ ਖੁਰਾਕ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਫੈਸਲਾ ਮਾਨ ਅਤੇ ਨੀਦਰਲੈਂਡ ਦੀ ਰਾਜਦੂਤ ਮਾਰੀਸਾ ਗੇਰਾਡਸ ਦਰਮਿਆਨ ਹੋਈ ਮੀਟਿੰਗ ਦੌਰਾਨ ਲਿਆ ਗਿਆ, ਜਿਨ੍ਹਾਂ ਨੇ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਦਿਆਂ ਮਾਨ ਨੇ ਆਏ ਹੋਏ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਉਦਯੋਗ ਪੱਖੀ ਸਰਕਾਰ ਹੈ ਜਿਸ ਵਿੱਚ ਉਦਯੋਗਪਤੀਆਂ ਲਈ ਅਸਲ ਸਿੰਗਲ ਵਿੰਡੋ ਸਿਸਟਮ ਹੈ। ਮਾਨ ਨੇ ਕਿਹਾ ਕਿ ਪੰਜਾਬ ਮੌਕਿਆਂ ਦੀ ਧਰਤੀ ਹੈ ਅਤੇ ਦੁਨੀਆ ਭਰ ਦੀਆਂ ਪ੍ਰਮੁੱਖ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਨੀਦਰਲੈਂਡ ਦੇ ਉੱਦਮੀਆਂ ਨੂੰ ਵੀ ਸੂਬੇ ਵਿੱਚ ਨਿਵੇਸ਼ ਕਰਕੇ ਬਹੁਤ ਫਾਇਦਾ ਹੋਵੇਗਾ, ਜੋ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਫਿਰਕੂ ਸਦਭਾਵਨਾ ਅਤੇ ਉਦਯੋਗਿਕ ਸ਼ਾਂਤੀ ਦੇ ਨਾਲ-ਨਾਲ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਹੈ, ਜੋ ਇਸ ਦੇ ਸਰਵਪੱਖੀ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਨੂੰ ਹੁਲਾਰਾ ਦੇ ਰਿਹਾ ਹੈ।
ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
ਮੁੱਖ ਮੰਤਰੀ ਨੇ ਰਾਜਦੂਤ ਨੂੰ ਕਿਹਾ ਕਿ ਉਹ ਆਪਣੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਆਪਣੀਆਂ ਕੰਪਨੀਆਂ ਦੇ ਕਾਰੋਬਾਰ ਨੂੰ ਫੈਲਾਉਣ ਲਈ ਉੱਤਮ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕਾਰਜ ਸੱਭਿਆਚਾਰ ਨਾਲ ਭਰਪੂਰ ਇਸ ਅਨੁਕੂਲ ਮਾਹੌਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ। ਨੀਦਰਲੈਂਡ ਦੇ ਉਦਯੋਗਪਤੀਆਂ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕਰਦਿਆਂ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਹਮੇਸ਼ਾ ਤਿਆਰ ਹੈ।