ਅਯੁੱਧਿਆ ਵਿਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਆਉਣ ਵਾਲੀ 22 ਜਨਵਰੀ ਨੂੰ ਭਗਵਾਨ ਰਾਮ ਆਪਣੇ ਨਵੇਂ ਬਣੇ ਭਵਨ ਵਿਚ ਵਿਰਾਜਣ ਵਾਲੇ ਹਨ। ਇਸ ਦਰਮਿਆਨ ਯੋਗੀ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਯੋਗੀ ਸਰਕਾਰ ਰਾਮ ਭਗਤਾਂ ਤੇ ਸੈਲਾਨੀਆਂ ਨੂੰ ਹੈਲੀਕਾਪਟਰ ਤੋਂ ਅਯੁੱਧਿਆ ਧਾਮ ਦੇ ਦਰਸ਼ਨ ਕਰਾਏਗੀ।
ਯੋਗੀ ਸਰਕਾਰ ਸੂਬੇ ਦੇ 6 ਜ਼ਿਲ੍ਹਿਆਂ ਤੋਂ ਹੈਲੀਕਾਪਟਰ ਸੇਵਾ ਉਪਲਬਧ ਕਰਾਉਣ ਜਾ ਰਹੀ ਹੈ।ਇਸ ਦੀ ਸ਼ੁਰੂਆਤ ਲਖਨਊ ਤੋਂ ਕੀਤੀ ਜਾਵੇਗੀ। ਰਾਮ ਭਗਤਾਂ ਤੇ ਸੈਲਾਨੀਆਂ ਨੂੰ ਹੈਲੀਕਾਪਟਰ ਸੇਵਾ ਗੋਰਖਪੁਰ, ਵਾਰਾਣਸੀ, ਲਖਨਊ, ਪ੍ਰਯਾਗਰਾਜ, ਮਥੁਰਾ ਤੇ ਆਗਰਾ ਤੋਂ ਮਿਲੇਗੀ। ਯੋਗੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਯੋਗੀ ਸਰਕਾਰ ਸੂਬੇ ਦੇ ਕਈ ਸ਼ਹਿਰਾਂ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਸੈਰ-ਸਪਾਟਾ ਵਿਭਾਗ ਨੂੰ ਦਿੱਤੀ ਹੈ। ਇਸ ਸਹੂਲਤ ਲਈ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਬੁਕਿੰਗ ਕਰਾਉਣੀ ਹੋਵੇਗੀ। ਇਸ ਹਵਾਈ ਸਫਰ ਦਾ ਅਧਿਕਤਮ ਸਮਾਂ 15 ਮਿੰਟ ਜਦੋਂ ਕਿ ਪ੍ਰਤੀ ਯਾਤਰੀ ਕਿਰਾਇਆ 3539 ਰੁਪਏ ਤੈਅ ਕੀਤਾ ਗਿਆ ਹੈ। ਇਸ ਸਹੂਲਤ ਜ਼ਰੀਏ ਇਕ ਸਮੇਂ ਹਵਾਈ ਸਫਰ ਦਾ ਮਜ਼ਾ 5 ਸ਼ਰਧਾਲੂ ਚੁੱਕ ਸਕਣਗੇ ਤੇ ਉਹ ਆਪਣੇ ਨਾਲ 5 ਕਿਲੋਗ੍ਰਾਮ ਤੱਕ ਸਾਮਾਨ ਲਿਜਾ ਸਕਣਗੇ। ਇਸ ਤੋਂ ਇਲਾਵਾ ਸ਼ਰਧਾਲੂ ਗੋਰਖਪੁਰ ਤੋਂ ਅਯੁੱਧਿਆ ਧਾਮ ਲਈ ਹੈਲੀਕਾਪਟਰ ਤੋਂ ਉਡਾਣ ਭਰ ਸਕਣਗੇ। ਇਹ ਦੂਰੀ 126 ਕਿਲੋਮੀਟਰ ਦੀ ਹੋਵੇਗੀ ਜਿਸ ਨੂੰ 40 ਮਿੰਟ ਵਿਚ ਪੂਰਾ ਕੀਤਾ ਜਾਵੇਗਾ।ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 11327 ਰੁਪਏ ਤੈਅ ਕੀਤਾ ਗਿਆ ਹੈ। ਅਯੁੱਧਿਆ ਵਿਚ ਰਾਮ ਭਗਤਾਂ ਨੂੰ ਉਡਾਣ ਭਰਨ ਲਈ ਸਰਯੂ ਕਿਨਾਰੇ ਸਥਿਤ ਟੂਰਿਜ਼ਮ ਗੈਸਟ ਹਾਊਸ ਕੋਲ ਬਣੇ ਹੈਲੀਪੇਡ ‘ਤੇ ਪਹੁੰਚਣਾ ਹੋਵੇਗਾ। ਇਥੋਂ ਹੀ ਹੈਲੀਕਾਪਟਰ ਉਡਾਣ ਭਰੇਗਾ।
ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਪ੍ਰਖਰ ਮਿਸ਼ਰਾ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਇੱਛਾ ਮੁਤਾਬਕ ਪਹਿਲੇ ਪੜਾਅ ਵਿਚ ਰਾਜਧਾਨੀ ਲਖਨਊ ਸਣੇ 6 ਧਾਰਮਿਕ ਥਾਵਾਂ ਤੋਂ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਮੰਗ ਮੁਤਾਬਕ ਇਸ ਸੇਵਾ ਦਾ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਧਾਲੂ ਵਾਰਾਣਸੀ ਦੇ ਨਮੋ ਘਾਟ ਤੋਂ ਹੈਲੀਕਾਪਟਰ ਦੀ ਸੇਵਾ ਦਾ ਫਾਇਦਾ ਲੈ ਸਕਣਗੇ।ਇਹ ਦੂਰੀ 160 ਕਿਲੋਮੀਟਰ ਦੀ ਹੋਵੇਗੀ ਤੇ ਇਸ ਨੂੰ 55 ਮਿੰਟ ਵਿਚ ਪੂਰਾ ਕੀਤਾ ਜਾ ਸਕੇਗਾ। ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 14159 ਰੁਪਏ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਧਾਲੂ ਲਖਨਊ ਦੇ ਰਮਾਬਾਈ ਤੋਂ ਹੈਲੀਕਾਪਟਰ ਦੀ ਸੇਵਾ ਦਾ ਲਾਭ ਲੈ ਸਕਣਗੇ। ਇਹ ਦੂਰੀ 132 ਕਿਲੋਮੀਟਰ ਦੀ ਹੋਵੇਗੀ ਜਿਸ ਨੂੰ 45 ਮਿੰਟ ਵਿਚ ਪੂਰਾ ਕੀਤਾ ਜਾਵੇਗਾ।ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 14159 ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਪ੍ਰਯਾਗਰਾਜ ਦੀ ਗੱਲ ਕੀਤੀ ਜਾਵੇ ਤਾਂ ਇਥੇ ਟੂਰਿਜ਼ਮ ਗੈਸਟ ਹਾਊਸ ਕੋਲ ਬਣੇ ਹੈਲੀਪੈਡ ਤੋਂ ਹੈਲੀਕਾਪਟਰ ਦੀ ਸੇਵਾ ਮਿਲੇਗਾ। ਇਹ ਦੂਰੀ 157 ਕਿਲੋਮੀਟਰ ਹੈ ਜਿਸ ਨੂੰ 50 ਮਿੰਟ ਵਿਚ ਪੂਰਾ ਕੀਤਾ ਜਾਵੇਗਾ। ਇਸ ਲਈ ਕਿਰਾਇਆ 14159 ਰੱਖਿਆ ਗਿਆ ਹੈ। ਮਥੁਰਾ ਦੇ ਬਰਸਾਨਾ ਸਥਿਤ ਗੋਵਰਧਨ ਪਰਿਕਰਮਾ ਕੋਲ ਬਣੇ ਹੈਲੀਪੈਡ ਤੇ ਆਗਰਾ ਵਿਚ ਆਗਰਾ ਐਕਸਪ੍ਰੇ ਵੇ ਕੋਲ ਬਣੇ ਹੈਲੀਪੈਡ ਤੋਂ ਸੇਵਾ ਦਾ ਲਾਭ ਲਿਆ ਜਾ ਸਕੇਗਾ।ਇਹ ਦੂਰੀ ਕ੍ਰਮਵਾਰ 456 ਕਿਲੋਮੀਟਰ ਤੇ 440 ਕਿਲੋਮੀਟਰ ਹੈ ਜਿਸ ਨੂੰ 135 ਮਿੰਟ ਵਿਚ ਪੂਰਾ ਕੀਤਾ ਜਾਵੇਗਾ।ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 35339 ਤੈਅ ਕੀਤਾ ਗਿਆ ਹੈ। ਸੂਬੇ ਦੇ 6 ਜ਼ਿਲ੍ਹਿਆਂ ਤੋਂ ਹੈਲੀਕਾਪਟਰ ਸੇਵਾ ਦਾ ਤੈਅ ਕਿਰਾਇਆ ਵਨ-ਵੇ ਹੈ। ਯਾਨੀ ਸ਼ਰਧਾਲੂਆਂ ਨੂੰ ਅਯੁੱਧਿਆ ਧਾਮ ਤੋਂ ਵਾਪਸ ਆਪਣੇ ਘਰ ਤੱਕ ਪਹੁੰਚਣ ਲਈ ਦੁਬਾਰਾ ਕਿਰਾਇਆ ਦੇਣਾ ਹੋਵੇਗਾ।