ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਸੀਟ ਜਿੱਤ ਲਈ ਹੈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾਇਆ। ਕਰਾਸ ਵੋਟਿੰਗ ਤੋਂ ਬਾਅਦ ਵੀ ਦੋਵਾਂ ਨੂੰ 34-34 ਵੋਟਾਂ ਮਿਲੀਆਂ। ਜਿਸ ਤੋਂ ਬਾਅਦ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ। ਹਿਮਾਚਲ ‘ਚ ਕਾਂਗਰਸ ਦੇ 6 ਵਿਧਾਇਕਾਂ ਨੇ ਭਾਜਪਾ ਨੂੰ ਕਰਾਸ ਵੋਟਿੰਗ ਕੀਤੀ ਸੀ। 3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ। ਕਰਾਸ ਵੋਟਿੰਗ ਤੋਂ ਬਾਅਦ ਹਿਮਾਚਲ ‘ਚ ਕਾਂਗਰਸ ਸਰਕਾਰ ਦੇ ਡਿੱਗਣ ਦਾ ਖਤਰਾ ਹੈ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ 5-6 ਕਾਂਗਰਸੀ ਵਿਧਾਇਕਾਂ ਨੂੰ ਚੁੱਕ ਕੇ ਲੈ ਗਈ ਹੈ।
ਹਿਮਾਚਲ ‘ਚ ਕਰਾਸ ਵੋਟ ਪਾਉਣ ਵਾਲੇ ਕਾਂਗਰਸੀ ਵਿਧਾਇਕਾਂ ‘ਚ ਸੁਜਾਨਪੁਰ ਦੇ ਰਾਜਿੰਦਰ ਰਾਣਾ, ਧਰਮਸ਼ਾਲਾ ਦੇ ਸੁਧੀਰ ਸ਼ਰਮਾ, ਕੁਟਲਹਾਰ ਦੇ ਦੇਵੇਂਦਰ ਭੁੱਟੋ, ਬਡਸਰ ਦੇ ਆਈਡੀ ਲਖਨਪਾਲ, ਲਾਹੌਲ-ਸਪੀਤੀ ਦੇ ਰਵੀ ਠਾਕੁਰ ਅਤੇ ਗਗਰੇਟ ਦੇ ਚੈਤੰਨਿਆ ਸ਼ਰਮਾ ਦੇ ਨਾਂ ਸਾਹਮਣੇ ਆ ਰਹੇ ਹਨ। ਇਹ ਸਾਰੇ ਵੋਟਿੰਗ ਤੋਂ ਪਹਿਲਾਂ ਸਵੇਰੇ ਇੱਕੋ ਗੱਡੀ ਵਿੱਚ ਵਿਧਾਨ ਸਭਾ ਪੁੱਜੇ। ਵੋਟਿੰਗ ਤੋਂ ਤੁਰੰਤ ਬਾਅਦ ਪਾਰਟੀ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹੈ।
ਹਿਮਾਚਲ ਦੇ ਤਿੰਨ ਆਜ਼ਾਦ ਵਿਧਾਇਕ ਪਹਿਲਾਂ ਕਾਂਗਰਸ ਨੂੰ ਸਮਰਥਨ ਦੇਣ ਦੀ ਗੱਲ ਕਰ ਰਹੇ ਸਨ, ਪਰ ਉਨ੍ਹਾਂ ਨੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਲਈ ਕਰਾਸ ਵੋਟ ਦਿੱਤੀ। ਇਨ੍ਹਾਂ ਆਜ਼ਾਦ ਉਮੀਦਵਾਰਾਂ ਵਿੱਚ ਹਮੀਰਪੁਰ ਦੇ ਆਸ਼ੀਸ਼ ਸ਼ਰਮਾ, ਡੇਹਰਾ ਦੇ ਹੁਸ਼ਿਆਰ ਸਿੰਘ ਅਤੇ ਨਾਲਾਗੜ੍ਹ ਦੇ ਕੇਐਲ ਠਾਕੁਰ ਸ਼ਾਮਲ ਹਨ। ਕਾਂਗਰਸ ਦੇ 6 ਵਿਧਾਇਕਾਂ ਸਮੇਤ ਇਨ੍ਹਾਂ ਆਜ਼ਾਦ ਵਿਧਾਇਕਾਂ ਨੂੰ ਸੀਆਰਪੀਐੱਫ ਸੁਰੱਖਿਆ ਦਿੱਤੀ ਜਾ ਰਹੀ ਹੈ।
ਕਰਾਸ ਵੋਟਿੰਗ ਤੋਂ ਬਾਅਦ ਪਾਰਟੀ ਕਾਂਗਰਸ ਦੇ 6 ਵਿਧਾਇਕਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹੈ। ਇਸ ‘ਤੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਮੀਡੀਆ ਨੂੰ ਕਿਹਾ, “ਜਿਸ ਤਰੀਕੇ ਨਾਲ ਗਿਣਤੀ ਸ਼ੁਰੂ ਹੋਈ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਕਾਉਂਟਿੰਗ ਅਫਸਰ ਨੂੰ ਧਮਕੀਆਂ ਦੇ ਰਹੇ ਹਨ, ਇਹ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ। ਮੁੱਖ ਮੰਤਰੀ ਨੇ ਹਿਮਾਚਲ ਦੇ ਭਾਜਪਾ ਆਗੂਆਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ।”
ਇਹ ਵੀ ਪੜ੍ਹੋ : ਲੁਧਿਆਣਾ ‘ਚ ਰਿਸ਼ਵਤ ਮੰਗਣ ਵਾਲਾ ਕਾਨੂੰਗੋ ਕਾਬੂ, ਆਨਲਾਈਨ ਦਰਜ ਕਰਵਾਈ ਗਈ ਸੀ ਸ਼ਿਕਾਇਤ
ਸੀਐਮ ਸੁੱਖੂ ਨੇ ਕਿਹਾ ਕਿ ਸੀਆਰਪੀਐਫ ਅਤੇ ਹਰਿਆਣਾ ਪੁਲਿਸ ਹਿਮਾਚਲ ਦੇ ਵਿਧਾਇਕਾਂ ਨੂੰ ਲੈ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਭਾਜਪਾ ‘ਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਕੋਲ ਪੂਰਨ ਬਹੁਮਤ ਹੈ। ਭਾਜਪਾ ਜਿਸ ਤਰ੍ਹਾਂ ਦੀ ਗੰਦੀ ਖੇਡ ਖੇਡ ਰਹੀ ਹੈ, ਉਸ ਨੂੰ ਹਿਮਾਚਲ ਦਾ ਸੱਭਿਆਚਾਰ ਪਸੰਦ ਨਹੀਂ ਕਰਦਾ।