coronavirus india update : ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ 17 ਹਜ਼ਾਰ 296 ਨਵੇਂ ਕੇਸ ਸਾਹਮਣੇ ਆਏ ਹਨ ਅਤੇ 407 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 4 ਲੱਖ 90 ਹਜ਼ਾਰ 401 ਹੋ ਗਈ ਹੈ, ਜਿਸ ਵਿੱਚ 15 ਹਜ਼ਾਰ 301 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ 2 ਲੱਖ 85 ਹਜ਼ਾਰ 637 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1 ਲੱਖ 89 ਹਜ਼ਾਰ 463 ਹੈ। ਆਈਸੀਐਮਆਰ ਦੇ ਅੰਕੜਿਆਂ ਅਨੁਸਾਰ 25 ਜੂਨ ਤੱਕ 77 ਲੱਖ 76 ਹਜ਼ਾਰ 228 ਟੈਸਟ ਕੀਤੇ ਜਾ ਚੁੱਕੇ ਹਨ। 25 ਜੂਨ ਨੂੰ ਹੀ 2 ਲੱਖ 15 ਹਜ਼ਾਰ 446 ਟੈਸਟ ਕੀਤੇ ਗਏ ਸਨ।
ਮਹਾਰਾਸ਼ਟਰ ਵਿੱਚ ਵੀਰਵਾਰ ਨੂੰ 4841 ਨਵੇਂ ਕੇਸਾਂ ਨਾਲ ਸਾਰੇ ਰਿਕਾਰਡ ਟੁੱਟ ਗਏ। ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 192 ਰਹੀ ਹੈ, ਹਾਲਾਂਕਿ ਇਸ ਵਿੱਚ ਪਹਿਲਾਂ ਹੋਈਆਂ 83 ਮੌਤਾਂ ਵੀ ਸ਼ਾਮਿਲ ਸਨ। ਰਾਜ ਵਿੱਚ ਕੁੱਲ ਕੋਰੋਨਾ ਦੇ ਕੇਸ 1 ਲੱਖ 47 ਹਜ਼ਾਰ 741 ਤੱਕ ਪਹੁੰਚ ਗਏ ਹਨ। ਹਾਲਾਂਕਿ, ਮੁੰਬਈ ਵਿੱਚ 1350 ਨਵੇਂ ਮਰੀਜ਼ਾਂ ਦੇ ਨਾਲ, ਲਾਗ ਦੀ ਗਤੀ ਪਿੱਛਲੇ ਕੁਝ ਦਿਨਾਂ ਤੋਂ ਲੱਗਭਗ ਸਥਿਰ ਬਣੀ ਹੋਈ ਹੈ। ਇਸ ਦੇ ਨਾਲ ਹੀ, ਦਿੱਲੀ ਵਿੱਚ ਕੋਰੋਨਾ ਦੀ ਲਾਗ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਹੈ। 24 ਘੰਟਿਆਂ ਵਿੱਚ 3390 ਲੋਕਾਂ ‘ਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਦਿੱਲੀ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 74 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। 24 ਘੰਟਿਆਂ ਵਿੱਚ, 64 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 2429 ਹੋ ਗਈ ਹੈ।
ਕੋਰੋਨਾ ਪਹਿਲਾਂ ਮੁੰਬਈ ‘ਤੇ ਆਪਣੀ ਪਕੜ ਹੋਰ ਕੱਸ ਰਿਹਾ ਸੀ, ਪਰ ਹੁਣ ਦਿੱਲੀ ਕੋਰੋਨਾ ਕੈਪੀਟਲ ਬਣ ਕੇ ਉੱਭਰੀ ਹੈ। ਮੁੰਬਈ ‘ਚ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਗਿਣਤੀ 70 ਹਜ਼ਾਰ 878 ਹੈ, ਜਦਕਿ ਦਿੱਲੀ’ ਚ ਹੁਣ ਤੱਕ ਕੁੱਲ 73 ਹਜ਼ਾਰ 780 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਮੁੰਬਈ ਦੇ ਮੁਕਾਬਲੇ ਦਿੱਲੀ ਵਿੱਚ ਚੌਵੀ ਘੰਟਿਆਂ ‘ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਦੁੱਗਣੀ ਹੈ।