China coronavirus vaccine: ਪੂਰੀ ਦੁਨੀਆ ਇਸ ਸਮੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ। ਜਿਸ ਕਾਰਨ ਸਾਰੇ ਦੇਸ਼ਾਂ ਦੇ ਵਿਗਿਆਨੀ ਇਸ ਵਾਇਰਸ ਦੀ ਵੈਕਸੀਨ ਲੱਭਣ ਵਿੱਚ ਲੱਗੇ ਹੋਏ ਹਨ ਤਾਂ ਜੋ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਵਿਚਾਲੇ ਚੀਨ ਨੇ ਕੋਰੋਨਾ ਵਾਇਰਸ ਲਈ ਬਣਾਈ ਜਾ ਰਹੀ ਵੈਕਸੀਨ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ ਆਖਰੀ ਪੜਾਅ ਵਿੱਚ ਹੈ ਅਤੇ ਇਹ ਵੈਕਸੀਨ ਨਵੰਬਰ ਤੋਂ ਆਮ ਲੋਕਾਂ ਲਈ ਉਪਲੱਬਧ ਕਰ ਦਿੱਤੀ ਜਾਵੇਗੀ । ਇਸ ਸਬੰਧੀ ਚਾਈਨਾ ਸੈਂਟਰ ਫਾਰ ਡਿਜੀਜ਼ ਕੰਟਰੋਲ (CDC) ਨੇ ਸੋਮਵਾਰ ਨੂੰ ਇੱਕ ਬਿਆਨ ਵੀ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਸਫਲਤਾ ਦੇ ਬਹੁਤ ਨੇੜੇ ਹਾਂ ਅਤੇ ਨਵੰਬਰ ਦੇ ਸ਼ੁਰੂਆਤੀ ਹਫਤਿਆਂ ਵਿੱਚ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗ ਜਾਵੇਗੀ ।
ਇਸ ਬਾਰੇ ਚੀਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਤਿੰਨ ਵੈਕਸੀਨ ਅਜਿਹੀਆਂ ਹਨ ਜੋ ਅੰਤਮ ਪੜਾਅ ਵਿੱਚ ਹਨ, ਨਾਲ ਹੀ ਉਨ੍ਹਾਂ ਦੀ ਜਾਂਚ ਦੇ ਨਤੀਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ। ਇਨ੍ਹਾਂ ਤਿੰਨਾਂ ਵੈਕਸੀਨ ਨੂੰ ਹੀ ਮੁੱਢਲੀਆਂ ਸਹੂਲਤਾਂ ਨਾਲ ਜੁੜੇ ਲੋਕਾਂ ‘ਤੇ ਅਜਮਾਇਆ ਜਾ ਚੁੱਕਿਆ ਹੈ ਅਤੇ ਉਹ ਸਫਲ ਸਾਬਿਤ ਹੋਈ ਹੈ। ਇਸ ਵੈਕਸੀਨ ਨੂੰ ਫੇਜ਼ -3 ਮਨੁੱਖੀ ਟ੍ਰਾਇਲ ਤੋਂ ਪਹਿਲਾਂ ਜੁਲਾਈ ਵਿੱਚ ਬਹੁਤ ਸਾਰੇ ਵਰਕਰਾਂ ‘ਤੇ ਅਜ਼ਮਾਇਆ ਜਾ ਚੁੱਕਿਆ ਹੈ। ਇਸ ਸਬੰਧੀ CDC ਦੇ ਮੁਖੀ ਗੁਇਜ਼ੂ ਵੂ ਨੇ ਦੱਸਿਆ ਕਿ ਇਹ ਵੈਕਸੀਨ ਨਵੰਬਰ ਮਹੀਨੇ ਵਿੱਚ ਆਮ ਲੋਕਾਂ ਦੇ ਹੱਥ ਵਿੱਚ ਹੋਵੇਗੀ। ਵੂ ਨੇ ਕਿਹਾ ਕਿ ਮੈਂ ਖ਼ੁਦ ਇਹ ਵੈਕਸੀਨ ਲਗਵਾਈ ਹੈ ਅਤੇ ਮੈਂ ਕਿਸੇ ਵੀ ਕਿਸਮ ਦੀ ਬੇਅਰਾਮੀ ਜਾਂ ਅਸਾਧਾਰਣ ਲੱਛਣ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਚਾਈਨਾ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ (ਸਿਨੋਫਾਰਮ) ਅਤੇ ਸਿਨੋਵਾਕ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਵੈਕਸੀਨ ਨੂੰ ਲੈ ਕੇ ਚਾਈਨਾ ਨੈਸ਼ਨਲ ਬਾਇਓਟੈਕ ਸਮੂਹ ਵੱਲੋਂ ਸੁਰੱਖਿਅਤ ਅਤੇ ਪ੍ਰਭਾਵੀ ਹੋਣ ਬਾਰੇ ਐਲਾਨ ਕੀਤਾ ਗਿਆ ਹੈ। ਇਸ ਬਾਰੇ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਗਾਏ ਗਏ ਹਨ, ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਦਿਖਾਈ ਦਿੱਤਾ । ਕੰਪਨੀ ਨੇ ਆਪਣੇ ਅਧਿਕਾਰਤ ਅਕਾਊਂਟ ‘ਤੇ ਕਿਹਾ ਕਿ ਹੁਣ ਤੱਕ ਇਸ ਵੈਕਸੀਨ ਦੀ ਖੁਰਾਕ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ ।