Corona chain not breaking : ਜਲੰਧਰ ਵਿਚ ਸਵੇਰ ਹੁੰਦੇ ਹੀ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 7 ਇਕੋ ਹੀ ਪਰਿਵਾਰ ਦੇ ਮੈਂਬਰ ਹਨ। ਸੂਬੇ ਵਿਚ ਲਗਾਤਾਰ ਕੋਰੋਨਾ ਦੇ ਕੇਸ ਵਧ ਰਹੇ ਹਨ। ਇਹ ਸਾਰੇ ਮੈਂਬਰ ਡਿਫੈਂਸ ਕਾਲੋਨੀ ਦੇ ਪਾਜੀਟਿਵ ਪਾਏ ਗਏ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ। ਮਿਲੀ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਦਾ ਨਕੋਦਰ ਰੋਡ ‘ਤੇ ਸੈਨੇਟੇਸ਼ਨ ਦਾ ਸ਼ੋਅਰੂਮ ਹੈ ਤੇ ਬਾਕੀ ਤਿੰਨ ਹੋਰ ਪਾਜੀਟਿਵ ਪਾਏ ਗਏ ਵਿਅਕਤੀ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਕਰਮਚਾਰੀ ਹਨ।
ਜਲੰਧਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 265 ਹੋ ਗਈ ਹੈ। ਸੋਮਵਾਰ ਨੂੰ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਤੇ ਦੁਬਈ ਤੋਂ ਆਏ ਤਿੰਨ NRI ਸਮੇਤ ਚਾਰ ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਵਿਚੋਂ ਦੋ 30-30 ਸਾਲ ਦੇ ਅਤੇ ਇਕ 25 ਸਾਲ ਦੇ ਨੌਜਵਾਨ ਸ਼ਾਮਲ ਹਨ। ਇਹ ਡਰੋਲੀ ਕਲਾਂ, ਕੋਹਾੜਾ ਅਤੇ ਰਾਏਪੁਰ ਸਰਾਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ। ਐਤਵਾਰ ਨੂੰ BSF ਦਾ ਜਵਾਨਾ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਕੈਂਪਸ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 20 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਹਾਲਾਂਕਿ ਸਿਵਲ ਹਸਪਤਾਲ ਦੇ ਪਲੂ ਕਾਰਨਰ ਜਿਥੇ ਸੈਂਪਲ ਲਏ ਜਾ ਰਹੇ ਹਨ, ਉਥੇ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਣ ਦੀਆਂ ਧੱਜੀਆਂ ਉਡ ਰਹੀਆਂ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ 4 ਮਰੀਜ਼ ਪਾਜੀਟਿਵ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 280 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 255 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਕੋਰੋਨਾ ਖਿਲਾਫ ਜੰਗ ਵਿਚ ਸਿਹਤ ਵਿਭਾਗ ਦੀ ਐਂਟੀ ਲਾਰਵਾ ਸਟਾਫ ਦੇ ਲਗਭਗ 17 ਮੈਂਬਰਾਂ ‘ਤੇ ਕੰਮ ਦਾ ਬੋਝ ਲਗਾਤਾਰ ਵਧਣ ਨਾਲ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਆਏ ਕੁਆਰੰਟਾਈਨਾਂ ਨੂੰ ਲੱਭ ਕੇ ਉਨ੍ਹਾਂ ਦੀ ਸਕਰੀਨਿੰਗ ਕਨਰ ਅਤੇ ਉਸ ਤੋਂ ਬਾਅਦ ਕੋਰੋਨਾ ਦੇ ਮਰੀਜ਼ ਪਾਜੀਟਿਵ ਆਉਣ ਨਾਲ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭਣ ਦੀ ਡਿਊਟੀ ਲੱਗੀ ਸੀ। ਹੁਣ ਕੋਰੋਨਾ ਦੇ ਪਾਜੀਟਿਵ ਮਰੀਜ਼ਾਂ ਨੂੰ ਐਂਬੂਲੈਂਸ ਵਿਚ ਉਨ੍ਹਾਂ ਦੇ ਘਰ ਲੈ ਕੇ ਆਉਣਾ ਪੈ ਰਿਹਾ ਹੈ।