Dengue fever may provide: ਕੋਰੋਨਾ ਵਾਇਰਸ ‘ਤੇ ਖੋਜਕਰਤਾ ਦੀ ਖੋਜ ਜਾਰੀ ਹੈ ਅਤੇ ਆਏ ਦਿਨ ਇਸ ਬਾਰੇ ਨਵੀਆਂ-ਨਵੀਆਂ ਗੱਲਾਂ ਪਤਾ ਚੱਲਦੀਆਂ ਹਨ। ਹੁਣ ਇੱਕ ਨਵੀਂ ਸਟੱਡੀ ਵਿੱਚ ਡੇਂਗੂ ਬੁਖਾਰ ਅਤੇ ਕੋਰੋਨਾ ਵਾਇਰਸ ਅਤੇ ਡੇਂਗੂ ਵਿੱਚ ਇੱਕ ਲਿੰਕ ਪਾਇਆ ਗਿਆ ਹੈ। ਸਟੱਡੀ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਇੱਕ ਵਾਰ ਡੇਂਗੂ ਬੁਖਾਰ ਹੋ ਚੁੱਕਿਆ ਹੈ, ਉਨ੍ਹਾਂ ਦੇ ਸਰੀਰ ਵਿੱਚ ਇਮਿਊਨਿਟੀ ਬਣ ਜਾਂਦੀ ਹੈ ਜੋ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਕਰਦੀ ਹੈ। ਸਟੱਡੀ ਨੂੰ ਸਮਝਾਉਣ ਲਈ ਬ੍ਰਾਜ਼ੀਲ ਦੀ ਇੱਕ ਉਦਾਹਰਣ ਦਿੱਤੀ ਗਈ ਹੈ, ਜਿੱਥੇ ਪਿਛਲੇ ਸਾਲ ਡੇਂਗੂ ਦਾ ਪ੍ਰਕੋਪ ਫੈਲਿਆ ਸੀ।
ਇਸ ਸਟੱਡੀ ਦੇ ਲੇਖਕ ਡਿਯੂਕ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਗੁਏਲ ਨਿਕੋਲੇਲਿਸ ਹਨ। ਨਿਕੋਲੇਲਿਸ ਨੇ ਕੁਝ ਥਾਵਾਂ ‘ਤੇ 2019, 2020 ਵਿੱਚ ਫੈਲੇ ਡੇਂਗੂ ਅਤੇ ਕੋਰੋਨਾ ਵਾਇਰਸ ਦੇ ਵਿਚਕਾਰ ਇੱਕ ਸਬੰਧ ਦੱਸਿਆ । ਨਿਕੋਲੇਲਿਸ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ‘ਤੇ ਇਸ ਸਾਲ ਜਾਂ ਪਿਛਲੇ ਸਾਲ ਡੇਂਗੂ ਫੈਲਿਆ ਸੀ ਉੱਥੇ ਕੋਰੋਨਾ ਵਾਇਰਸ ਦੀ ਲਾਗ ਦਰ ਘੱਟ ਸੀ ਅਤੇ ਲਾਗ ਬਹੁਤ ਹੌਲੀ ਹੌਲੀ ਫੈਲ ਰਹੀ ਸੀ।
ਸਟੱਡੀ ਵਿੱਚ ਕਿਹਾ ਗਿਆ ਹੈ, ‘ਡੇਂਗੂ ਦੇ ਫਲੇਵੀਵਾਇਰਸ ਸੇਰੋਟਾਈਪ ਅਤੇ SARS-CoV-2 ਵਿੱਚ ਇੱਕ ਲੁਕਿਆ ਸਬੰਧ ਹੈ। ਡੇਂਗੂ ਵਾਇਰਸ ਦੀ ਐਂਟੀਬਾਡੀ ਕੋਰੋਨਾ ਵਾਇਰਸ ‘ਤੇ ਕੰਮ ਕਰਦੀ ਹੈ। ਜੇ ਇਹ ਸੱਚ ਸਾਬਿਤ ਹੁੰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਡੇਂਗੂ ਦੀ ਲਾਗ ਜਾਂ ਡੇਂਗੂ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਕੋਰੋਨਾ ਵਾਇਰਸ ਦੇ ਖਿਲਾਫ਼ ਹੱਦ ਤੱਕ ਸੁਰੱਖਿਆ ਦੇ ਸਕਦੀ ਹੈ।
ਨਿਕੋਲੇਲਿਸ ਨੇ ਦੱਸਿਆ ਕਿ ਸਟੱਡੀ ਦੇ ਇਹ ਨਤੀਜੇ ਦਿਲਚਸਪ ਹਨ ਕਿਉਂਕਿ ਪਿਛਲੇ ਕਈ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਨ੍ਹਾਂ ਦੇ ਖੂਨ ਵਿੱਚ ਡੇਂਗੂ ਦੇ ਐਂਟੀਬਾਡੀਜ਼ ਪਾਏ ਜਾਂਦੇ ਹਨ, ਕੋਰੋਨਾ ਵਾਇਰਸ ਨਾਲ ਪੀੜਤ ਨਾ ਹੋਣ ਦੇ ਬਾਵਜੂਦ ਟੈਸਟ ਵਿੱਚ ਉਹ ਗ਼ਲਤ ਤਰੀਕੇ ਨਾਲ ਪਾਜ਼ੀਟਿਵ ਆ ਜਾਂਦੇ ਹਨ । ਨਿਕੋਲੇਲਿਸ ਨੇ ਕਿਹਾ, “ਇਹ ਸੁਝਾਅ ਦਿੰਦਾ ਹੈ ਕਿ ਦੋਹਾਂ ਵਾਇਰਸਾਂ ਵਿੱਚ ਇਮਯੂਨੋਲਾਜੀਕਲ ਸਬੰਧ ਵੀ ਹੋ ਸਕਦੇ ਹਨ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਇਹ ਦੋਵੇਂ ਵਾਇਰਸ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ।” ਹਾਲਾਂਕਿ, ਨਿਕੋਲੇਲਿਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਾਇਰਸਾਂ ਦੇ ਵਿਚਕਾਰ ਸਬੰਧ ਬਾਰੇ ਪਤਾ ਲਗਾਉਣ ਲਈ ਅਗਲੇਰੀ ਅਧਿਐਨ ਕਰਨ ਦੀ ਜ਼ਰੂਰਤ ਹੈ। ਨਿਕੋਲੇਲਿਸ ਦਾ ਇਹ ਅਧਿਐਨ ਹਾਲੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਸਮੀਖਿਆ ਲਈ MedRxiv ਪ੍ਰੀਪ੍ਰਿੰਟ ਸਰਵਰ ‘ਤੇ ਰੱਖਿਆ ਗਿਆ ਹੈ।