India Coronavirus Recovery Rate: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਭਾਰਤ ਹੁਣ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿੱਚੋਂ ਇੱਕ ਦੇਸ਼ ਬਣ ਗਿਆ ਹੈ। ਇਸ ਸੰਕਟ ਦੇ ਵਿਚਾਲੇ ਰਾਹਤ ਦੀ ਖ਼ਬਰ ਵੀ ਹੈ। ਪਿਛਲੇ ਪੰਜ ਦਿਨਾਂ ਵਿੱਚ ਦੇਸ਼ ਵਿੱਚ ਹਰ ਰੋਜ਼ ਕੋਰੋਨਾ ਕੇਸ ਤੋਂ ਵੱਧ ਰਿਕਵਰੀ ਕਰਨ ਵਾਲਿਆਂ ਦੀ ਗਿਣਤੀ ਰਹੀ ਹੈ। ਨਾਲ ਹੀ ਪਿਛਲੇ ਪੰਜ ਦਿਨਾਂ ਵਿੱਚ ਚਾਰ ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 19 ਸਤੰਬਰ ਤੋਂ 23 ਸਤੰਬਰ ਤੱਕ ਲਗਾਤਾਰ ਨਵੇਂ ਕੋਰੋਨਾ ਕੇਸਾਂ ਤੋਂ ਵਧੇਰੇ ਰਿਕਵਰੀ ਹੋਈ ਹੈ । ਇਸ ਦੌਰਾਨ, 22 ਸਤੰਬਰ ਨੂੰ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਲੋਕ ਰਿਕਵਰ ਹੋਏ, ਜੋ ਇੱਕ ਰਿਕਾਰਡ ਹੈ। ਪਿਛਲੇ ਪੰਜ ਦਿਨਾਂ ਵਿੱਚ ਕ੍ਰਮਵਾਰ 95880, 94612, 93356, 101468, 89746 ਲੋਕ ਠੀਕ ਹੋਏ ਹਨ। ਜਦੋਂ ਕਿ ਪਿਛਲੇ ਪੰਜ ਦਿਨਾਂ ਵਿੱਚ 93337, 92605, 86961, 75083, 83347 ਮਾਮਲੇ ਸਾਹਮਣੇ ਆਏ ਹਨ।
ਦਰਅਸਲ, ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਸੰਖਿਆ 57 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦੋਂਕਿ ਇਸ ਸਮੇਂ ਦੇਸ਼ ਵਿੱਚ ਲਗਭਗ 10 ਲੱਖ ਐਕਟਿਵ ਕੇਸ ਹਨ। ਜਦ ਕਿ ਹੁਣ ਤੱਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ 46 ਲੱਖ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ 90 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਹੁਣ ਤੱਕ ਤਕਰੀਬਨ 7 ਕਰੋੜ ਕੋਰੋਨਾ ਵਾਇਰਸ ਟੈਸਟ ਹੋ ਚੁੱਕੇ ਹਨ।
ਦੱਸ ਦੇਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਕੋਰੋਨਾ ਸੰਕਟ ਬਾਰੇ ਜਾਣਿਆ ਸੀ । ਇਹ ਉਹ ਰਾਜ ਹਨ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹਨ। ਪੀਐਮ ਮੋਦੀ ਵੱਲੋਂ ਰਾਜਾਂ ਨੂੰ ਲਗਾਤਾਰ ਜਾਗਰੂਕਤਾ ਵਧਾਉਣ, RT-PCR ਟੈਸਟਿੰਗ ‘ਤੇ ਵੱਧ ਤੋਂ ਵੱਧ ਜ਼ੋਰ ਦੇਣ ਅਤੇ ਮਾਈਕਰੋ ਕੰਟੈਨਮੈਂਟ ਜ਼ੋਨ ਬਣਾਉਣ ‘ਤੇ ਜ਼ੋਰ ਦੇਣ ਲਈ ਕਿਹਾ ਗਿਆ ਹੈ। ਜੇਕਰ ਇੱਥੇ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆ ਵਿੱਚ ਕੇਸਾਂ ਦੀ ਕੁੱਲ ਗਿਣਤੀ 3 ਕਰੋੜ ਨੂੰ ਪਾਰ ਕਰ ਗਈ ਹੈ। ਪੂਰੀ ਦੁਨੀਆ ਵਿੱਚ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 71 ਲੱਖ ਤੋਂ ਵੱਧ ਲੋਕ ਇਸਦੀ ਚਪੇਟ ਵਿੱਚ ਹਨ, ਜਦੋਂ ਕਿ 2 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।