India reports over 2 lakh corona cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਬੇਕਾਬੂ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ । ਦੁਨੀਆ ਵਿੱਚ ਹਰ ਦਿਨ ਸਭ ਤੋਂ ਵੱਧ ਕੇਸ ਭਾਰਤ ਵਿੱਚ ਆ ਰਹੇ ਹਨ। ਲਾਗ ਦੇ ਨਵੇਂ ਕੇਸਾਂ ਦੀ ਗਿਣਤੀ ਹੁਣ ਦੋ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 200,739 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1038 ਲੋਕਾਂ ਨੇ ਦਮ ਤੋੜਿਆ ਹੈ । ਹਾਲਾਂਕਿ 93,528 ਲੋਕ ਵੀ ਕੋਰੋਨਾ ਤੋਂ ਠੀਕ ਵੀ ਹੋਏ ਹਨ । ਇਸ ਤੋਂ ਪਹਿਲਾਂ ਮੰਗਲਵਾਰ ਨੂੰ 184,372 ਨਵੇਂ ਕੇਸ ਆਏ ਸਨ। ਪਿਛਲੇ ਸਾਲ 2 ਅਕਤੂਬਰ ਤੋਂ ਬਾਅਦ ਵਿੱਚ ਪਿਛਲੇ ਦਿਨ ਸਭ ਤੋਂ ਵੱਧ ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਹੁਣ ਤੱਕ 1 ਕਰੋੜ 40 ਲੱਖ 74 ਹਜ਼ਾਰ 564 ਪੀੜਤ ਹੋ ਚੁੱਕੇ ਹਨ। ਇਸ ਵਾਇਰਸ ਨੂੰ ਹਰਾ ਕੇ 1 ਕਰੋੜ 24 ਲੱਖ 29 ਹਜ਼ਾਰ 564 ਲੋਕ ਠੀਕ ਹੋ ਚੁੱਕੇ ਹਨ । ਕੋਰੋਨਾ ਕਾਰਨ ਹੁਣ ਤੱਕ 1 ਲੱਖ 73 ਹਜ਼ਾਰ 123 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ । ਦੇਸ਼ ਵਿੱਚ 14 ਲੱਖ 71 ਹਜ਼ਾਰ 877 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 58,952 ਨਵੇਂ ਕੇਸ ਸਾਹਮਣੇ ਆਏ ਅਤੇ 278 ਲੋਕਾਂ ਦੀ ਮੌਤ ਹੋ ਗਈ । ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣ ਅਤੇ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ ਪੂਰੇ ਰਾਜ ਵਿੱਚ 14 ਅਪ੍ਰੈਲ ਤੋਂ ਰਾਤ 8 ਵਜੇ ਤੋਂ 15 ਦਿਨਾਂ ਦਾ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ । ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਰਾਜ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 35,78,160 ਹੋ ਗਈ ਹੈ, ਜਦੋਂ ਕਿ ਹੁਣ ਤੱਕ ਕੁੱਲ 58,952 ਲੋਕਾਂ ਦੀ ਮੌਤ ਮਹਾਂਮਾਰੀ ਕਾਰਨ ਹੋਈ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਕਾਰਨ ਮੌਤ ਦਰ 1.24 ਫ਼ੀਸਦੀ ਹੈ ਜਦੋਂ ਕਿ ਰਿਕਵਰੀ ਰੇਟ 89 ਪ੍ਰਤੀਸ਼ਤ ਦੇ ਆਸ ਪਾਸ ਹੈ । ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਭਾਰਤ ਦਾ ਤੀਜਾ ਨੰਬਰ ਹੈ । ਕੁੱਲ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦਾ ਦੂਜਾ ਸਥਾਨ ਹੈ ।