Johnson & Johnson begins Phase-3 trial: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਹੁਣ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਲੋਕਾਂ ਨੂੰ ਰਾਹਤ ਦੇਣ ਵਾਲੀ ਖ਼ਬਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸਦੀ ਕੋਰੋਨਾ ਵੈਕਸੀਨ ਹੁਣ ਅੰਤਮ ਪੜਾਅ ‘ਤੇ ਪਹੁੰਚ ਗਈ ਹੈ ਅਤੇ ਜਿਨ੍ਹਾਂ ਵਾਲੰਟੀਅਰ ‘ਤੇ ਇਸ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਰਿਹਾ ਸੀ, ਉਨ੍ਹਾਂ ਦੀ ਜਾਂਚ ਵਿੱਚ ਰਾਹਤ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਸਿਰਫ ਇੱਕ ਖੁਰਾਕ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗੀ ।
ਦਰਅਸਲ, ਜਾਨਸਨ ਐਂਡ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ ਪੜਾਵਾਂ ਦੇ ਸਕਾਰਾਤਮਕ ਨਤੀਜਿਆਂ ਤੋਂ ਬਾਅਦ ਹੁਣ ਉਹ ਵੈਕਸੀਨ ਦੇ ਤੀਜੇ ਅਤੇ ਅੰਤਮ ਪੜਾਅ ਦੀ ਜਾਂਚ ਕਰਨ ਜਾ ਰਹੀ ਹੈ। ਅਮਰੀਕੀ ਰਾਸ਼ਟਰੀ ਸਿਹਤ ਸੰਸਥਾਵਾਂ ਨੇ ਕਿਹਾ ਕਿ ਅਮਰੀਕਾ ਸਮੇਤ ਦੁਨੀਆ ਭਰ ਦੇ 200 ਤੋਂ ਵੱਧ ਥਾਵਾਂ ‘ਤੇ ਤਕਰੀਬਨ 60,000 ਲੋਕਾਂ ਨੂੰ ਭਰਤੀ ਕਫਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸਦੇ ਨਾਲ ਹੀ ਜਾਨਸਨ ਐਂਡ ਜਾਨਸਨ ਕੋਰੋਨਾ ਵਾਇਰਸ ਖਿਲਾਫ਼ ਵੈਕਸੀਨ ਦੇ ਤੀਜੇ ਪੜਾਅ ਦਾ ਪ੍ਰੀਖਣ ਕਰਨ ਵਾਲਾ ਦੁਨੀਆ ਦਾ 10ਵਾਂ ਅਤੇ ਅਮਰੀਕੀ ਚੌਥਾ ਨਿਰਮਾਤਾ ਬਣ ਗਿਆ ਹੈ। ਵੈਕਸੀਨ ਵਿਕਸਤ ਕਰਨ ਵਾਲੀ ਕੰਪਨੀ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਦਵਾਈ ਪ੍ਰਭਾਵੀ ਸਾਬਿਤ ਹੋਣ ‘ਤੇ 2021 ਤੱਕ ਐਮਰਜੈਂਸੀ ਮਨਜ਼ੂਰੀ ਲਈ ਤਿਆਰ ਹੋ ਜਾਵੇਗੀ।
ਇਸ ਬਾਰੇ ਕੰਪਨੀ ਦੇ ਪ੍ਰਧਾਨ ਐਲੈਕਸ ਗੋਰਸਕੀ ਨੇ ਕਿਹਾ, “ਕੋਵਿਡ -19 ਲਗਾਤਾਰ ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡਾ ਇੱਕੋ ਟੀਚਾ ਹੈ ਕਿ ਇਸ ਮਹਾਂਮਾਰੀ ਨੂੰ ਖ਼ਤਮ ਕਰਨ ਵਿੱਚ ਸਹਾਇਤਾ ਕੀਤੀ ਜਾਵੇ। ਸਾਡੀ ਕੰਪਨੀ ਲਗਾਤਾਰ ਇਸ ਕੰਮ ਵਿਚ ਲੱਗੀ ਹੋਈ ਹੈ।” ਐਲਰਜੀ ਅਤੇ ਛੂਤ ਦੀਆਂ ਬੀਮਾਰੀਆਂ ਦੇ ਸੰਸਥਾਨ ਦੇ ਨਿਰਦੇਸ਼ਕ ਐਂਥਨੀ ਫੌਸੀ ਨੇ ਕਿਹਾ, “ਕੋਰੋਨਾ ਵਾਇਰਸ ਦੇ ਖੋਜ ਦੇ ਅੱਠ ਮਹੀਨਿਆਂ ਬਾਅਦ, ਚਾਰ ਯੂਐਸ ਕੰਪਨੀਆਂ ਟੀਕੇ ਦੇ ਵਿਕਾਸ ਦੀ ਦਿਸ਼ਾ ਵਿੱਚ ਤੀਜੇ ਪੜਾਅ ‘ਤੇ ਪਹੁੰਚੀਆਂ ਹਨ। ਟੀਕਾ ਤਕਨਾਲੋਜੀ ਦੇ ਵਿਗਿਆਨਕ ਭਾਈਚਾਰੇ ਲਈ ਇਹ ਬੇਮਿਸਾਲ ਪ੍ਰਾਪਤੀ ਹੈ। ”