Russia plans mass inoculation: ਰੂਸ ਅਕਤੂਬਰ ਤੋਂ ਕੋਰੋਨਾ ਵਾਇਰਸ ਖਿਲਾਫ਼ ਇੱਕ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਰੂਸ ਦੇ ਸਿਹਤ ਮੰਤਰੀ ਮਿਖੈਲ ਮੁਰਾਸ਼ਕੋ ਨੇ ਕਿਹਾ ਹੈ ਕਿ ਦੇਸ਼ ਦੇ ਸਿਹਤ ਅਧਿਕਾਰੀ ਵੈਕਸੀਨੇਸ਼ਨ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਡਾਕਟਰਾਂ ਅਤੇ ਅਧਿਆਪਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ।
ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਰੂਸ ਦੇ ਰੈਗੂਲੇਟਰਸ ਇਸ ਮਹੀਨੇ ਦੇਸ਼ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਹਾਲਾਂਕਿ, ਕੁਝ ਮਾਹਰਾਂ ਨੇ ਵੈਕਸੀਨ ਦੀ ਤੇਜ਼ੀ ਨਾਲ ਤਿਆਰੀ ਕਰਨ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਮੁੱਖ ਛੂਤ ਵਾਲੀ ਬਿਮਾਰੀ ਮਾਹਰ ਐਂਥਨੀ ਫੌਸੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸ ਅਤੇ ਚੀਨ ਅਸਲ ਵਿੱਚ ਵੈਕਸੀਨ ਦੀ ਟੈਸਟਿੰਗ ਕਰ ਰਹੇ ਹਨ। ਫੌਸੀ ਨੇ ਕਿਹਾ ਕਿ ਉਨ੍ਹਾਂ ਨਹੀਂ ਮੰਨਦੇ ਕਿ ਦੂਸਰੇ ਦੇਸ਼ ਅਮਰੀਕਾ ਤੋਂ ਪਹਿਲਾਂ ਵੈਕਸੀਨ ਬਣਾ ਲੈਣਗੇ ਅਤੇ ਅਮਰੀਕਾ ਨੂੰ ਉਨ੍ਹਾਂ ‘ਤੇ ਨਿਰਭਰ ਰਹਿਣਾ ਪਵੇਗਾ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ 20 ਤੋਂ ਵੱਧ ਵੈਕਸੀਨ ‘ਤੇ ਕੰਮ ਹੋ ਰਿਹਾ ਹੈ। ਉੱਥੇ ਹੀ ਰੂਸ ਦੇ ਸਿਹਤ ਮੰਤਰੀ ਮਿਖੈਲ ਮੁਰਾਸ਼ਕੋ ਦਾ ਕਹਿਣਾ ਹੈ ਕਿ ਮਾਸਕੋ ਵਿੱਚ ਸਥਿਤ ਗਮਲੇਆ ਇੰਸਟੀਚਿਊਟ ਨੇ ਰੂਸੀ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪੂਰਾ ਕਰ ਲਿਆ ਹੈ ਅਤੇ ਹੁਣ ਕਾਗਜ਼ੀ ਕਾਰਵਾਈ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ 8,45,443 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 14,058 ਲੋਕਾਂ ਦੀ ਮੌਤ ਹੋ ਚੁੱਕੀ ਹੈ।