Russia sent first consignment: ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਰੂਸ ਵਿੱਚ ਸਪੂਤਨਿਕ-V ਵੈਕਸੀਨ ਦੀ ਵੰਡ ਦੀ ਪ੍ਰਕਿਰਿਆ ਹੁਣ ਤੇਜ਼ ਹੋ ਗਈ ਹੈ। ਰੂਸ ਨੇ ਕੋਰੋਨਾ ਵਾਇਰਸ ਖਿਲਾਫ਼ ਤਿਆਰ ਕੀਤੀ ਗਈ ਸਪੂਤਨਿਕ-V ਵੈਕਸੀਨ ਦੀ ਪਹਿਲੀ ਖੇਪ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡਣ ਲਈ ਭੇਜ ਦਿੱਤੀ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।
ਰੂਸੀ ਸਰਕਾਰ ਦੇ ਬਿਆਨ ਅਨੁਸਾਰ ਰੂਸ ਦੇ ਰਾਸ਼ਟਰੀ ਮਹਾਂਮਾਰੀ ਰਿਸਰਚ ਕੇਂਦਰ ਗੈਮੇਲਿਆ ਵੱਲੋਂ ਸਪੂਤਨਿਕ-V ਦੇ ਨਾਮ ਨਾਲ ਵਿਕਸਤ ਕੀਤੀ ਗਈ ਕੋਰੋਨਾ ਵੈਕਸੀਨ ਨੂੰ ਰੂਸ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜ ਦਿੱਤਾ ਗਿਆ ਹੈ। ਇਸ ਨਾਲ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਬਣਾਏਗਾ। ਪਹਿਲਾਂ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ, ਜਿਨ੍ਹਾਂ ਨੂੰ ਕੋਰੋਨਾ ਤੋਂ ਸਭ ਤੋਂ ਵੱਧ ਖ਼ਤਰਾ ਹੈ।
ਦਰਅਸਲ, ਰੂਸ 11 ਅਗਸਤ ਨੂੰ ਕੋਵਿਡ -19 ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ । ਇਹ ਵੈਕਸੀਨ ਅਗਲੇ ਸਾਲ 1 ਜਨਵਰੀ ਤੋਂ ਆਮ ਲੋਕਾਂ ਲਈ ਉਪਲਬਧ ਹੋਵੇਗੀ। ਰੂਸ ਦੇ ਗੈਮੇਲਿਆ ਰਿਸਰਚ ਇੰਸਟੀਚਿਊਟ ਅਤੇ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ ‘ਤੇ ਵਿਕਸਤ ਕੋਰੋਨਾ ਵੈਕਸੀਨ ਜਿਸ ਨੂੰ ‘ਸਪੂਤਨਿਕ-V’ ਕਿਹਾ ਜਾਂਦਾ ਹੈ, ਪਹਿਲਾਂ ਕੋਰੋਨਾ ਦੀ ਲਾਗ ਦੇ ਇਲਾਜ ਵਿੱਚ ਸ਼ਾਮਿਲ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਇਸ ਵੈਕਸੀਨ ਦਾ ਉਤਪਾਦਨ ਸਾਂਝੇ ਤੌਰ ‘ਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਵੱਲੋਂ ਕੀਤਾ ਜਾ ਰਿਹਾ ਹੈ। ਹਾਲਾਂਕਿ, ਰੂਸ ਦੀ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਅਜੇ ਜਾਰੀ ਹੈ। ਪਰ ਰੂਸ ਦਾ ਦਾਅਵਾ ਹੈ ਕਿ ਉਸਦੀ ਵੈਕਸੀਨ ਦਾ ਅਸਰ ਬਹੁਤ ਵਧੀਆ ਹੈ। ਹਾਲਾਂਕਿ, ਅਮਰੀਕਾ ਸਮੇਤ ਕਈ ਦੇਸ਼ ਅਜੇ ਵੀ ਰੂਸ ਵੱਲ ਸ਼ੱਕੀ ਨਜ਼ਰ ਨਾਲ ਵੇਖ ਰਹੇ ਹਨ।