Scientists claim to have developed: ਨਵੀਂ ਦਿੱਲੀ: ਵਿਗਿਆਨੀਆਂ ਨੇ ਕੋਵਿਡ-19 ਲਈ ਇੱਕ ਅਜਿਹੀ ਵੈਕਸੀਨ ਬਣਾਈ ਹੈ ਜੋ ‘ਕਈ ਗੁਣਾ ਜ਼ਿਆਦਾ’ ਐਂਟੀਬਾਡੀਜ਼ ਪੈਦਾ ਕਰਦੀ ਹੈ। ਇਸ ਵੈਕਸੀਨ ਦਾ ਪਸ਼ੂਆਂ ‘ਤੇ ਟੈਸਟ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ । ਖੋਜਕਰਤਾਵਾਂ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਕੁਝ ਮਾਹਿਰ ਵੀ ਸ਼ਾਮਿਲ ਹਨ। ਨੈਨੋ ਕਣ ਤੋਂ ਬਣੀ ਕੋਰੋਨਾ ਦੀ ਨਵੀਂ ਵੈਕਸੀਨ ਚੂਹਿਆਂ ਵਿੱਚ ਉਨ੍ਹਾਂ ਲੋਕਾਂ ਤੋਂ ਕਈ ਗੁਣਾ ਵਧੇਰੇ ਨਿਊਟਰਾਲਾਈਜ਼ਿੰਗ ਐਂਟੀਬਾਡੀਜ਼ ਪੈਦਾ ਕਰਨ ਦੇ ਸਮਰੱਥ ਹੈ, ਜੋ ਕੋਰੋਨਾ ਤੋਂ ਰਿਕਵਰ ਹੋ ਚੁੱਕੇ ਹਨ। ਇੱਕ ਅਧਿਐਨ ਦੇ ਅਨੁਸਾਰ ਵੈਕਸੀਨ ਨੇ ਚੂਹਿਆਂ ਵਿੱਚ ਡੋਜ਼ 6 ਗੁਣਾ ਘੱਟ ਕਰਨ ‘ਤੇ ਵੀ 10 ਗੁਣਾ ਵਧੇਰੇ ਨਿਊਟਰਾਲਾਈਜ਼ਿੰਗ ਐਂਟੀਬਾਡੀਜ਼ ਪੈਦਾ ਕੀਤੇ। ਇਸ ਤੋਂ ਇਲਾਵਾ ਵੈਕਸੀਨ ਨੇ ਇੱਕ ਸ਼ਕਤੀਸ਼ਾਲੀ ਬੀ-ਸੈੱਲ ਪ੍ਰਤੀਰੋਧੀ ਪ੍ਰਤੀਕ੍ਰਿਆ ਵੀ ਦਿਖਾਈ।
ਖੋਜਕਰਤਾਵਾਂ ਅਨੁਸਾਰ ਜਦੋਂ ਇੱਕ ਬਾਂਦਰ ਨੂੰ ਵੈਕਸੀਨ ਦਿੱਤੀ ਗਈ ਸੀ ਤਾਂ ਉਸਨੇ ਸਰੀਰ ਵਿੱਚ ਬਣੇ ਐਂਟੀਬਾਡੀਜ਼ ਨੇ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ‘ਤੇ ਕਈ ਤਰੀਕਿਆਂ ਨਾਲ ਹਮਲਾ ਕੀਤਾ। ਸਪਾਈਕ ਪ੍ਰੋਟੀਨ ਰਾਹੀਂ ਵਾਇਰਸ ਮਨੁੱਖੀ ਸੈੱਲ ਵਿੱਚ ਦਾਖਲ ਹੁੰਦਾ ਹੈ। ਵਿਗਿਆਨੀਆਂ ਅਨੁਸਾਰ, ਇਸਦਾ ਮਤਲਬ ਹੈ ਕਿ ਵੈਕਸੀਨ ਵਾਇਰਸ ਦੇ ਮਿਊਟੇਟੇਡ ਸਟ੍ਰੇਨ ਦੇ ਪ੍ਰਤੀ ਸੁਰੱਖਿਆ ਦੇ ਸਕਦੀ ਹੈ।
ਅਧਿਐਨ ਦੇ ਅਨੁਸਾਰ ਇਸ ਕੋਰੋਨਾ ਵੈਕਸੀਨ ਦਾ ਮਾਲਿਕਿਊਲਰ ਢਾਂਚੇ ਕਾਫੀ ਹੱਦ ਤੱਕ ਇੱਕ ਵਾਇਰਸ ਦੀ ਨਕਲ ਕਰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਵੈਕਸੀਨ ਦੀ ਇਮਿਊਨ ਰਿਸਪਾਂਸ ਟ੍ਰਿਗਰ ਕਰਨ ਦੀ ਯੋਗਤਾ ਵੱਧ ਗਈ ਹੈ। ਅਧਿਐਨ ਦੇ ਸਹਿ-ਲੇਖਕ ਨੀਲ ਕਿੰਗ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਸਾਡਾ ਨੈਨੋ ਕਣ ਪਲੇਟਫਾਰਮ ਇਸ ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਕਰੇਗਾ।” ਇਸ ਵੈਕਸੀਨ ਦਾ ਲਾਇਸੈਂਸ ਯੂਨੀਵਰਸਿਟੀ ਬਿਨ੍ਹਾਂ ਕਿਸੇ ਕੀਮਤ ਦੇ ਦੇਣ ਲਈ ਤਿਆਰ ਹੈ ।
ਦੱਸ ਦੇਈਏ ਕਿ ਵੈਕਸੀਨ ਤਿਆਰ ਕਰਨ ਲਈ ਖੋਜਕਰਤਾਵਾਂ ਨੇ ਵਾਇਰਸ ਦੇ ਪੂਰੇ ਸਪਾਈਕ ਪ੍ਰੋਟੀਨ ਦੀ ਵਰਤੋਂ ਨਹੀਂ ਕੀਤੀ। ਇਹ ਵੈਕਸੀਨ ਸਪਾਈਕ ਪ੍ਰੋਟੀਨ ਦੇ ਰੀਸੈਪਟਰ ਬਾਈਡਿੰਗ ਡੋਮੇਨ ਦੀ 60 ਪ੍ਰਤੀਸ਼ਤ ਦੀ ਨਕਲ ਕਰਦਾ ਹੈ। ਵਿਗਿਆਨੀਆਂ ਨੇ ਢਾਂਚਾ ਅਧਾਰਤ ਵੈਕਸੀਨ ਡਿਜ਼ਾਈਨ ਤਕਨੀਕ’ ਦੀ ਵਰਤੋਂ ਕੀਤੀ ਜਿਸ ਦੇ ਚੱਲਦਿਆਂ ਉਹ ਖੁਦ ਨੂੰ ਅਸੈਂਬਲ ਕਰਨ ਵਾਲਾ ਪ੍ਰੋਟੀਨ ਬਣਾ ਸਕੇ। ਜਿਸ ਤੋਂ ਬਾਅਦ ਵਿਗਿਆਨੀਆਂ ਨੇ ਇਸ ਵੈਕਸੀਨ ਦਾ SARS-CoC-2 ਦੇ ਸਪਾਈਕ ਪ੍ਰੋਟੀਨ ‘ਤੇ ਟੈਸਟ ਕੀਤਾ ਅਤੇ ਇਹ ਨਤੀਜੇ ਸਾਹਮਣੇ ਆਏ।