US Clears Moderna Vaccine: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਟ੍ਰਾਇਲ ਜਾਰੀ ਹੈ। ਇਸ ਵਿਚਾਲੇ ਹਰ ਦਿਨ ਲਗਭਗ 3000 ਮੌਤਾਂ ਨਾਲ ਜੂਝਣ ਵਾਲੇ ਅਮਰੀਕਾ ਨੇ ਫਾਈਜ਼ਰ ਤੋਂ ਬਾਅਦ ਮੋਡੇਰਨਾ ਦੀ ਕੋਰੋਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਇੱਕ ਪੈਨਲ ਨੇ ਮਾਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ । ਪੈਨਲ ਨੇ ਇਸਨੂੰ ਕੋਰੋਨਾ ਨਾਲ ਨਜਿੱਠਣ ਲਈ ਦੂਜਾ ਵਿਕਲਪ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਦੱਸਿਆ ਕਿ ਮਾਡਰਨਾ ਵੈਕਸੀਨ ਦੀ ਵੰਡ ਤੁਰੰਤ ਪ੍ਰਭਾਵ ਨਾਲ ਆਰੰਭ ਹੋ ਜਾਵੇਗੀ।
ਇਸ ਤੋਂ ਪਹਿਲਾਂ ਅਮਰੀਕਾ ਨੇ ਫਾਈਜ਼ਰ ਵੱਲੋਂ ਵਿਕਸਿਤ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਟੀਕੇ ਦਿੱਤੇ ਜਾ ਰਹੇ ਹਨ। ਇਹ ਟੀਕੇ ਬਹੁਤ ਸਾਰੇ ਸਿਹਤ ਕਰਮਚਾਰੀਆਂ ਨੂੰ ਥੋੜ੍ਹੀ ਜਿਹੀ ਗਿਣਤੀ ਵਿੱਚ ਉਪਲਬਧ ਹਨ। ਇਹ ਵੈਕਸੀਨ ਕਾਫੀ ਹੱਦ ਤੱਕ ਫਾਈਜ਼ਰ ਅਤੇ ਜਰਮਨੀ ਦੀ ਬਾਇਓਨਟੈਕ ਦੀ ਬਣਾਈ ਗਈ ਵੈਕਸੀਨ ਵਰਗੀ ਹੈ। ਇਨ੍ਹਾਂ ਵੈਕਸੀਨ ਨੂੰ ਲੈ ਕੇ ਕੀਤੀ ਜਾ ਰਹੀ ਮੁੱਢਲੀ ਖੋਜ ਅਨੁਸਾਰ ਦੋਵੇਂ ਟੀਕੇ ਸੁਰੱਖਿਅਤ ਹਨ। ਹਾਲਾਂਕਿ, ਮਾਡਰਨਾ ਵੈਕਸੀਨ ਦੀ ਦੇਖਭਾਲ ਸੌਖੀ ਹੈ ਕਿਉਂਕਿ ਇਸ ਨੂੰ ਫਾਈਜ਼ਰ ਵਾਂਗ -75 ° C ‘ਤੇ ਰੱਖਣ ਦੀ ਜ਼ਰੂਰਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਹੁਣ ਤੱਕ 3 ਲੱਖ 12 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਬੀਤੇ ਬੁੱਧਵਾਰ ਨੂੰ ਇੱਕ ਦਿਨ ਵਿੱਚ ਹੀ 3 ਹਜ਼ਾਰ 600 ਅਮਰੀਕੀ ਦੀ ਮੌਤ ਕੋਰੋਨਾ ਕਾਰਨ ਹੋਈ। ਕੋਰੋਨਾ ਨੇ ਹੁਣ ਤੱਕ ਵਿਸ਼ਵ ਭਰ ਵਿੱਚ 17 ਲੱਖ ਲੋਕਾਂ ਦੀ ਜਾਨ ਲੈ ਲਈ ਹੈ ।
ਦੋਨਾਂ ਵੈਕਸੀਨ ਦੇ ਰੱਖ-ਰਖਾਅ ‘ਚ ਅੰਤਰ
ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਘਟਾਓ -75° ਸੈਲਸੀਅਸ ‘ਤੇ ਰੱਖਣਾ ਲਾਜ਼ਮੀ ਹੈ। ਇਹ ਟੀਕਾ ਕਿਸੇ ਵੀ ਟੀਕੇ ਨਾਲੋਂ ਲਗਭਗ 50 ਡਿਗਰੀ ਜ਼ਿਆਦਾ ਠੰਡਾ ਹੋਣਾ ਚਾਹੀਦਾ ਹੈ। ਟੀਕਾ ਖਤਮ ਹੋਣ ਤੋਂ ਪਹਿਲਾਂ ਸਿਰਫ ਪੰਜ ਦਿਨਾਂ ਲਈ ਰੈਫ੍ਰਿਜਰੇਟਰ ਵਿੱਚ ਰੱਖਿਆ ਜਾ ਸਕਦਾ ਹੈ। ਫਾਈਜ਼ਰ ਦੇ ਟੀਕੇ ਹਸਪਤਾਲਾਂ ਦੇ ਨਾਲ ਨਾਲ ਪ੍ਰਮੁੱਖ ਅਦਾਰਿਆਂ ਵਿੱਚ ਵੀ ਵਰਤੇ ਜਾ ਸਕਦੇ ਹਨ। ਉੱਥੇ ਹੀ ਦੂਜੇ ਪਾਸੇ ਮਾਡਰਨਾ ਬਾਰੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਟੀਕੇ ਨੂੰ ਬਹੁਤ ਜ਼ਿਆਦਾ ਠੰਡੇ ਤਾਪਮਾਨ ‘ਤੇ ਰੱਖਣ ਦੀ ਜ਼ਰੂਰਤ ਨਹੀਂ ਹੈ। ਮਾਡਰਨਾ ਦੇ ਟੀਕੇ ਨੂੰ ਘਟਾਓ -20°C ਜਾਂ ਘਰੇਲੂ ਫ੍ਰੀਜ਼ਰ ਤਾਪਮਾਨ ‘ਤੇ ਰੱਖਿਆ ਜਾ ਸਕਦਾ ਹੈ। ਟੀਕੇ ਦੀ ਮਿਆਦ ਖ਼ਤਮ ਹੋਣ ਤੋਂ 30 ਦਿਨ ਪਹਿਲਾਂ ਫਰਿੱਜ ਵਿਚ ਵੀ ਰੱਖਿਆ ਜਾ ਸਕਦਾ ਹੈ। ਮਾਡਰਨਾ ਦੀ ਵੈਕਸੀਨ ਸਥਾਨਕ ਚੇਨ ਜਾਂ ਛੋਟੇ ਸਹੂਲਤਾਂ ਜਿਵੇਂ ਕਿ ਫਾਰਮਾਸਿਸਟਾਂ ਲਈ ਵਧੇਰੇ ਲਾਭਦਾਇਕ ਹੋ ਸਕਦੀ ਹੈ।
ਦੱਸ ਦੇਈਏ ਕਿ ਭਾਰਤ ਬਾਇਓਟੈਕ ਦੇ ਕੋਵਿਡ-19 ਟੀਕੇ ਦੇ ਫੇਜ਼ III ਦੇ ਟ੍ਰਾਇਲ ਲਈ ਆਲ ਇੰਡੀਆ ਇੰਸਟੀਚਊਟ ਆਫ ਮੈਡੀਕਲ ਸਾਇੰਸਜ਼ ਨੂੰ ਢੁੱਕਵੀਂ ਗਿਣਤੀ ਵਿੱਚ ਵਲੰਟੀਅਰ ਨਹੀਂ ਮਿਲ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਇਹ ਸੋਚ ਕੇ ਨਹੀਂ ਆ ਰਹੇ ਹਨ ਕਿ ਜਦੋਂ ਇਹ ਟੀਕਾ ਜਲਦੀ ਹੀ ਸਾਰਿਆਂ ਨੂੰ ਮਿਲ ਜਾਵੇਗਾ, ਤਾਂ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਕੀ ਲੋੜ ਹੈ । ਕੋਵੈਕਸੀਨ ਦੇ ਆਖਰੀ ਪੜਾਅ ਦੇ ਟ੍ਰਾਇਲ ਲਈ ਜੋ ਸੰਸਥਾਨ ਤੈਅ ਕੀਤੇ ਗਏ ਹਨ, ਉਨ੍ਹਾਂ ਵਿੱਚੋਂ AIIMS ਇੱਕ ਹੈ। ਟ੍ਰਾਇਲ ਲਈ ਸੰਸਥਾ ਨੂੰ ਤਕਰੀਬਨ 1,500 ਲੋਕਾਂ ਦੀ ਜ਼ਰੂਰਤ ਹੈ।
ਇਹ ਵੀ ਦੇਖੋ: ਅੰਦੋਲਨ ‘ਚ ਆਉਂਦੇ 35 ਲੱਖ ਦੀ Fortuner ਹੋਗੀ ਚੋਰੀ, ਫਿਰ ਵੀ ਸੰਘਰਸ਼ ‘ਚ ਪਹੁੰਚ ਗਿਆ ਇਹ ਬਾਬਾ