vaccine against coronavirus: ਇੱਕ ਪਾਸੇ ਜਿੱਥੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ, ਉੱਥੇ ਹੀ ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਲੋਕਾਂ ਦੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਯੂਰਪੀਅਨ ਸੰਸਦ ਦੀ ਸਿਹਤ ਕਮੇਟੀ ਦੇ ਨਾਲ ਇੱਕ ਵੀਡੀਓ ਕਾਨਫਰੰਸ ਦੌਰਾਨ WHO ਦੇ ਮੁਖੀ ਟੇਡਰੋਸ ਗ਼ੈਬਰੇਯੇਸਸ ਨੇ ਕਿਹਾ, “ਇਹ ਸੁਨਿਸ਼ਚਿਤ ਕਰਨਾ ਬਹੁਤ ਮੁਸ਼ਕਲ ਹੈ ਕਿ ਸਾਡੇ ਕੋਲ ਕੋਰੋਨਾ ਵਾਇਰਸ ਦੀ ਵੈਕਸੀਨ ਹੋਵੇਗੀ ਹੀ। “
WHO ਦੇ ਮੁਖੀ ਨੇ ਕਿਹਾ, ‘ਸਾਡੇ ਕੋਲ ਕੋਰੋਨਾ ਵਾਇਰਸ ਦੀ ਵੈਕਸੀਨ ਕਦੀ ਨਹੀਂ ਰਹੀ ਹੈ ਅਤੇ ਅਜਿਹੇ ਵਿੱਚ ਜੇਕਰ ਕੋਈ ਵੈਕਸੀਨ ਬਣਦੀ ਹੈ ਤਾਂ ਇਹ ਕਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਗ਼ੈਬਰੇਯੇਸਸ ਨੇ ਕਿਹਾ ਕਿ ਜੇਕਰ ਅਜਿਹੀ ਵੈਕਸੀਨ ਸੱਚਮੁੱਚ ਬਣਦੀ ਹੈ ਤਾਂ ਇਹ ਸਾਰਿਆਂ ਲਈ ਜਨਤਕ ਤੌਰ ‘ਤੇ ਉਪਲਬਧ ਹੋਣੀ ਚਾਹੀਦੀ ਹੈ। ਗ਼ੈਬਰੇਯੇਸਸ ਨੇ ਕਿਹਾ ਕਿ ਇਹ ਨਿਸ਼ਚਤਤਾ ਨਾਲ ਨਹੀਂ ਕਿਹਾ ਜਾ ਸਕਦਾ ਕਿ ਵਿਗਿਆਨੀ ਕੋਰੋਨਾ ਵਾਇਰਸ ਲਈ ਪ੍ਰਭਾਵਸ਼ਾਲੀ ਵੈਕਸੀਨ ਬਣਾ ਪਾਉਣਗੇ, ਪਰ ਇਸ ਦੀ ਖੋਜ ਵਿੱਚ ਇੱਕ ਸਾਲ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ WHO ਕੋਲ ਪਹਿਲਾਂ ਹੀ 100 ਤੋਂ ਵੱਧ ਵੈਕਸੀਨ ਦੇ ਉਮੀਦਵਾਰ ਹਨ, ਜਿਨ੍ਹਾਂ ਵਿਚੋਂ ਇੱਕ ਬਣਨ ਦੀ ਅਡਵਾਂਸ ਸਟੇਜ ‘ਤੇ ਹੈ। ਉਨ੍ਹਾਂ ਕਿਹਾ, ‘ਉਮੀਦ ਹੈ, ਸਾਡੇ ਕੋਲ ਇਸਦੀ ਵੈਕਸੀਨ ਹੋਵੇਗੀ । ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇੱਕ ਸਾਲ ਦੇ ਅੰਦਰ ਸਾਡੇ ਕੋਲ ਇਹ ਵੈਕਸੀਨ ਆ ਜਾਵੇਗੀ ਜਾਂ ਉਸ ਤੋਂ ਵੀ ਘੱਟ ਸਮੇਂ ਵਿੱਚ ਆ ਸਕਦੀ ਹੈ ਪਰ ਇਸ ਵਿੱਚ ਕੁਝ ਮਹੀਨੇ ਲੱਗਣਗੇ। ਵਿਗਿਆਨੀ ਵੀ ਇਹੀ ਗੱਲ ਕਹਿ ਰਹੇ ਹਨ। ਕੁਝ ਦਿਨ ਪਹਿਲਾਂ WHO ਦੇ ਇੱਕ ਉੱਚ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਅਸਲ ਵਿੱਚ ਅਜਿਹਾ ਮੰਨਣ ਲਈ ਅਜੇ ਤੱਕ ਕੋਈ ਪ੍ਰਯੋਗ ਨਹੀਂ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਬਣ ਚੁੱਕੀ ਹੈ।