WHO chief Tedros Adhanom Ghebreyesus: ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਐਡਨੋਮ ਗੈਬਰੇਸਸ ਨੇ ਉਮੀਦ ਜਤਾਈ ਹੈ ਕਿ ਦੋ ਸਾਲਾਂ ਦੇ ਅੰਦਰ ਕੋਰੋਨਾ ਮਹਾਂਮਾਰੀ ਖਤਮ ਹੋ ਜਾਵੇਗੀ। ਸਾਲ 1918 ਵਿੱਚ ਫੈਲੇ ਸਪੈਨਿਸ਼ ਫਲੂ ਦੀ ਮਹਾਂਮਾਰੀ ਦੋ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਦੁਨੀਆਂ ਵਿੱਚ ਤਬਾਹੀ ਮਚਾਉਂਦੀ ਰਹੀ ਸੀ। ਟੇਡਰੋਸ ਨੇ ਇਸ ਨੂੰ ਧਰਤੀ ‘ਤੇ ਸਦੀਆਂ ਵਿੱਚ ਇੱਕ ਵਾਰ ਆਉਣ ਵਾਲਾ ਵਿਸ਼ਵਵਿਆਪੀ ਸੰਕਟ ਵਜੋਂ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਦੌਰਾਨ ਕੋਰੋਨਾ ਸਪੈਨਿਸ਼ ਫਲੂ ਨਾਲੋਂ ਬਹੁਤ ਤੇਜ਼ੀ ਨਾਲ ਫੈਲਿਆ । ਅੱਜ, ਦੁਨੀਆ ਵਿੱਚ ਅਜਿਹੀਆਂ ਟੈਕਨਾਲੋਜੀਆਂ ਹਨ ਜੋ ਅਜਿਹੀਆਂ ਮਹਾਂਮਾਰੀ ਦਾ ਮੁਕਾਬਲਾ ਕਰ ਸਕਦੀਆਂ ਹਨ, ਪਰ ਉਦੋਂ ਅਜਿਹੀਆਂ ਸਹੂਲਤਾਂ ਨਹੀਂ ਸਨ।
ਇਸ ਤੋਂ ਇਲਾਵਾ ਚੀਫ ਡਾ: ਮਾਈਕਲ ਰਿਆਨ ਨੇ ਕਿਹਾ ਕਿ ਦੁਨੀਆ ਵਿੱਚ 1918 ਫਲੂ ਦੀਆਂ ਤਿੰਨ ਲਹਿਰਾਂ ਆਇਆਂ ਸਨ ਅਤੇ ਦੂਜੀ ਲਹਿਰ ਉਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਸੀ। ਹਾਲਾਂਕਿ, ਉਨ੍ਹਾਂ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੋਵਿਡ -19 ਵੀ ਇਸੇ ਤਰਜ਼ ‘ਤੇ ਅੱਗੇ ਵਧੇਗਾ। ਰਿਆਨ ਨੇ ਕਿਹਾ ਕਿ ਵੈਸੇ ਤਾਂ ਵਾਇਰਸ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਹ ਅਜੇ ਤੱਕ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਨਹੀਂ ਵੇਖਿਆ ਗਿਆ ਹੈ।
ਦੁਨੀਆ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੇ 5,589,013 ਕੇਸ ਹਨ ਅਤੇ ਹੁਣ ਤੱਕ 1,70,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ ਦੂਜੇ ਨੰਬਰ ‘ਤੇ ਹੈ। ਇੱਥੇ ਕੋਰੋਨਾ ਦੇ 3,501,975 ਕੇਸ ਦਰਜ ਹਨ ਅਤੇ 1,12,304 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਸਰੇ ਸਥਾਨ ‘ਤੇ ਹੈ, ਜਿੱਥੇ ਕੋਰੋਨਾ ਦੇ ਕੁੱਲ 29,72,124 ਕੇਸ ਸਾਹਮਣੇ ਆਏ ਹਨ ਅਤੇ ਲਗਭਗ 56,000 ਲੋਕਾਂ ਦੀ ਮੌਤ ਹੋ ਗਈ ਹੈ।
ਜੇਕਰ ਇੱਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਕੋਰੋਨਾ ਮਾਮਲੇ 29 ਲੱਖ ਦੇ ਪਾਰ ਹੋ ਚੁੱਕੇ ਹਨ। ਭਾਰਤ ਦੇ ਮਹਾਰਾਸ਼ਟਰ ਵਿੱਚ 6,57,449 ਕੇਸ ਹਨ ਅਤੇ 21,698 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸ ਦੀ ਗੱਲ ਕਰੀਏ ਤਾਂ ਇਹ 1,64,561 ਹੈ। ਭਾਰਤ ਵਿੱਚ ਕੋਰੋਨਾ ਬਾਰੇ ਵੀ ਇੱਕ ਰਾਹਤ ਮਿਲੀ ਹੈ ਕਿ ਇੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਜਿਸ ਕਾਰਨ ਹੁਣ ਤੱਕ 22 ਲੱਖ ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।