WHO Endorses Protocol: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਦੁਨੀਆ ਭਰ ਵਿੱਚ ਵੈਕਸੀਨ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ WHO ਨੇ ਪਹਿਲੀ ਵਾਰ ਇਸ ਜਾਨਲੇਵਾ ਬਿਮਾਰੀ ਦੇ ਇਲਾਜ ਲਈ ਹਰਬਲ ਦਵਾਈਆਂ ਵਿੱਚ ਸੰਭਾਵਨਾਵਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। WHO ਨੇ ਸ਼ਨੀਵਾਰ ਨੂੰ ਕੋਵਿਡ-19 ਦੇ ਇਲਾਜ ਲਈ ਅਫਰੀਕਾ ਦੀਆਂ ਹਰਬਲ ਦਵਾਈਆਂ ਦੇ ਟੈਸਟਿੰਗ ਪ੍ਰੋਟੋਕੋਲ ਦਾ ਸਮਰਥਨ ਕੀਤਾ।
ਦਰਅਸਲ, WHO ਨੇ ਇਸ ਬਿਮਾਰੀ ਨਾਲ ਲੜਨ ਲਈ ਪ੍ਰਾਚੀਨ ਦਵਾਈਆਂ ਦੀ ਵਰਤੋਂ ਦਾ ਮੁੱਦਾ ਚੁੱਕਿਆ ਹੈ। ਇਹ ਪੂਰਬੀ ਅਫਰੀਕਾ ਦੇ ਦੇਸ਼ ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਰਾਜੋਏਲੀਨਾ ਵੱਲੋਂ ਮਲੇਰੀਆ ਦਾ ਇਲਾਜ ਕਰਨ ਲਈ ਵਰਤੇ ਜਾਣ ਵਾਲੇ ਇੱਕ ਔਸ਼ਧੀ ਪੌਦੇ ਆਰਟਮੀਸਿਆ ਤੋਂ ਬਣੇ ਇੱਕ ਡਰਿੰਕ ਨੂੰ ਪ੍ਰਮੋਟ ਕਰਨ ਲਈ ਲਗਭਗ ਇੱਕ ਮਹੀਨੇ ਬਾਅਦ ਅਜਿਹੇ ਹੋਇਆ ਹੈ।
ਐਂਡਰੀ ਰਾਜੋਏਲੀਨਾ ਜਿਸ ਕੋਵਿਡ ਆਰਗੈਨਿਕਸ ਡ੍ਰਿੰਕ ਨੂੰ ਪ੍ਰਮੋਟ ਕਰ ਰਹੇ ਹਨ, ਉਸਨੂੰ CVO ਵੀ ਕਿਹਾ ਜਾਂਦਾ ਹੈ। ਰਾਜੋਏਲੀਨਾ ਨੇ ਇਸ ਨੂੰ ਕੋਵਿਡ-19 ਦੇ ਇਲਾਜ ਵਿੱਚ ਲਾਭਦਾਇਕ ਦੱਸਿਆ ਹੈ। ਹੁਣ ਮੈਡਾਗਾਸਕਰ ਤੋਂ ਇਲਾਵਾ ਇਹ ਡ੍ਰਿੰਕ ਅਫਰੀਕਾ ਦੇ ਹੋਰ ਦੇਸ਼ਾਂ ਵਿੱਚ ਵੀ ਪਹੁੰਚਾਈ ਜਾ ਰਹੀ ਹੈ।
WHO ਦੇ ਮਾਹਰਾਂ ਅਤੇ ਦੋ ਹੋਰ ਸੰਸਥਾਵਾਂ ਦੇ ਸਹਿਕਰਮੀਆਂ ਨੇ ਅਫ਼ਰੀਕੀ ਹਰਬਲ ਦਵਾਈ ਦੇ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਲਈ ਇਸ ਪ੍ਰੋਟੋਕੋਲ ਦਾ ਸਮਰਥਨ ਕੀਤਾ ਹੈ। ਇਸ ਨਵੇਂ ਮੈਡੀਕਲ ਉਤਪਾਦ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਦੀ ਜਾਂਚ ਲਈ ਟ੍ਰਾਇਲ ਦਾ ਤੀਜਾ ਪੜਾਅ ਬਹੁਤ ਮਹੱਤਵਪੂਰਨ ਰਹੇਗਾ।
ਇਸ ਸਬੰਧੀ WHO ਦੇ ਖੇਤਰੀ ਨਿਰਦੇਸ਼ਕ ਪ੍ਰੋਸਪਰ ਟੁਮੁਸਿਮ ਨੇ ਕਿਹਾ, “ਜੇ ਪ੍ਰਾਚੀਨ ਡਾਕਟਰੀ ਉਤਪਾਦ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਕੁਆਲਟੀ ਦੇ ਪੈਮਾਨਿਆਂ ਨੂੰ ਪੂਰਾ ਕਰਦਾ ਹੈ, ਤਾਂ WHO ਇਸ ਦੇ ਫਾਸਟ ਟ੍ਰੈਕ ਅਤੇ ਵੱਡੇ ਪੱਧਰ ‘ਤੇ ਨਿਰਮਾਣ ਦੀ ਸਿਫਾਰਸ਼ ਕਰੇਗਾ।” ਅਫਰੀਕਾ ਸੈਂਟਰ ਫਾਰ ਡੀਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਤੇ ਅਫਰੀਕਨ ਯੂਨੀਅਨ ਕਮਿਸ਼ਨ ਫਾਰ ਸੋਸ਼ਲ ਅਫੇਅਰ ਇਸ ਵਿੱਚ WHO ਦੇ ਸਹਿਯੋਗੀ ਹਨ।
ਇਸ ਤੋਂ ਅੱਗੇ ਟੁਮੁਸਿਮ ਨੇ ਕਿਹਾ, ‘ਪੱਛਮੀ ਅਫਰੀਕਾ ਵਿੱਚ ਇਬੋਲਾ ਦੀ ਤਰ੍ਹਾਂ ਕੋਵਿਡ-19 ਦੇ ਫੈਲਣ ਕਾਰਨ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਪੁਰਾਣੀਆਂ ਦਵਾਈਆਂ ਸਮੇਤ ਸਾਰੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਨੂੰ ਵਧਾਵਾ ਦੇਣ ਦੀ ਜ਼ਰੂਰਤ ਹੈ।