WHO on food packaging: ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਖਾਣੇ ਜਾਂ ਭੋਜਨ ਦੇ ਪੈਕੇਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। WHO ਨੇ ਅਪੀਲ ਕੀਤੀ ਹੈ ਕਿ ਲੋਕ ਭੋਜਨ ਤੋਂ ਸੰਕ੍ਰਮਿਤ ਹੋਣ ਨੂੰ ਲੈ ਕੇ ਨਾ ਡਰਨ। WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਲੋਕਾਂ ਨੂੰ ਖਾਣੇ ਦੀ ਡਿਲੀਵਰੀ ਜਾਂ ਪ੍ਰੋਸੈਸ ਫੂਡ ਦੇ ਪੈਕੇਟ ਦੀ ਵਰਤੋਂ ਤੋਂ ਨਹੀਂ ਡਰਨਾ ਚਾਹੀਦਾ। ਉੱਥੇ ਹੀ WHO ਦੀ ਮਹਾਂਮਾਰੀ ਵਿਗਿਆਨੀ ਮਾਰੀਆ ਵੈਨ ਕੇਰਖੋਵੇ ਨੇ ਕਿਹਾ ਕਿ ਚੀਨ ਨੇ ਲੱਖਾਂ ਪੈਕਟ ਦੀ ਜਾਂਚ ਕੀਤੀ ਹੈ ਅਤੇ ਬਹੁਤ ਘੱਟ ਪਾਜ਼ੀਟਿਵ ਮਾਮਲੇ ਆਏ ਹਨ, 10 ਤੋਂ ਵੀ ਘੱਟ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਚੀਨ ਦਾ ਕਹਿਣਾ ਹੈ ਕਿ ਉਸਦੇ ਦੋ ਸ਼ਹਿਰਾਂ ਵਿੱਚ ਬ੍ਰਾਜ਼ੀਲ ਤੋਂ ਆਯਾਤ ਕੀਤੇ ਗਏ ਫਰੋਜ਼ਨ ਚਿਕਨ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਸ ਵਾਇਰਸ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਐਕੂਏਡੋਰ ਤੋਂ ਆਉਣ ਵਾਲੇ ਫੂਡ ਪੈਕਟਾਂ ‘ਤੇ ਵੀ ਵਾਇਰਸ ਪਾਏ ਗਏ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੂਰੀ ਦੁਨੀਆ ਦੇ ਮਾਹਰਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਹਵਾ ਵਿੱਚ ਮੌਜੂਦ ਹੋ ਸਕਦਾ ਹੈ। ਜਿਸ ਤੋਂ ਬਾਅਦ WHO ਨੇ ਮੰਨਿਆ ਸੀ ਕਿ ਕੋਰੋਨਾ ਵਾਇਰਸ ਦੇ ਕਣ ਹਵਾ ਵਿੱਚ ਵੀ ਮੌਜੂਦ ਰਹਿ ਸਕਦੇ ਹਨ। ਇਸ ਦੇ ਨਾਲ ਹੀ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 2 ਕਰੋੜ 13 ਲੱਖ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ 7 ਲੱਖ 63 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।