Betul govt primary school teacher : ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਲੋਕਾਯੁਕਤ ਟੀਮ ਨੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕ ਦੇ ਘਰ ਛਾਪਾ ਮਾਰਿਆ ਤਾਂ ਉਹ ਹੈਰਾਨ ਰਹਿ ਗਏ। ਟੀਮ ਦੀ ਜਾਂਚ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਕਰੋੜਪਤੀ ਨਿਕਲਿਆ। ਦਰਅਸਲ, ਮੰਗਲਵਾਰ ਨੂੰ, ਲੋਕਾਯੁਕਤ ਟੀਮ ਨੇ ਆਮਦਨੀ ਤੋਂ ਵੱਧ ਸੰਪਤੀ ਹੋਣ ਦੀ ਸ਼ਿਕਾਇਤ ਤੋਂ ਬਾਅਦ ਅਧਿਆਪਕ ਦੇ ਘਰ ‘ਤੇ ਛਾਪਾ ਮਾਰਿਆ ਸੀ, ਜਿਸ ਤੋਂ ਬਾਅਦ ਅਧਿਆਪਕ ਕੋਲ 5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਹਨ। ਨਾਲ ਹੀ ਇੱਕ ਲੱਖ ਰੁਪਏ ਦੇ ਨਕਦ, ਬੈਂਕ ਖਾਤੇ ਅਤੇ ਲਾਕਰ ਦੀ ਵੀ ਜਾਣਕਾਰੀ ਮਿਲੀ ਹੈ। ਦਰਅਸਲ, ਬੈਤੂਲ ਦੇ ਬਾਗਡੋਨਾ ਵਿੱਚ ਇੱਕ ਆਲੀਸ਼ਾਨ ਮਕਾਨ ਵਿੱਚ ਰਹਿਣ ਵਾਲੇ ਪੰਕਜ ਸ਼੍ਰੀਵਾਸਤਵ, ਪਿੰਡ ਰੇਗਾਧਾਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹਨ ਅਤੇ 1998 ਵਿੱਚ ਨਿਯੁਕਤ ਹੋਏ ਸਨ।
ਉਸ ਸਮੇਂ ਉਸ ਦੀ ਤਨਖਾਹ 2 ਹਜ਼ਾਰ ਰੁਪਏ ਸੀ। ਇਸ ਵੇਲੇ ਸਥਾਈ ਅਧਿਆਪਕ ਬਣਨ ਤੋਂ ਬਾਅਦ ਉਸ ਨੂੰ 48 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਹੁਣ ਤੱਕ ਨੌਕਰੀ ਦੇ ਕਾਰਜਕਾਲ ਦੌਰਾਨ ਇਸ ਅਧਿਆਪਕ ਨੇ 38 ਲੱਖ ਰੁਪਏ ਦੀ ਕਮਾਈ ਕੀਤੀ ਹੈ। ਹਾਲ ਹੀ ਵਿੱਚ, ਪੰਕਜ ਸ਼੍ਰੀਵਾਸਤਵ ਵਿਰੁੱਧ ਲੋਕਾਯੁਕਤ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਕੋਲ ਆਮਦਨੀ ਤੋਂ ਵੱਧ ਜਾਇਦਾਦ ਹੈ। ਮਿਲੇ ਦਸਤਾਵੇਜ਼ਾਂ ਤੋਂ ਜਾਇਦਾਦ ਦੀ ਕੀਮਤ ਪੰਜ ਕਰੋੜ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਲੋਕਾਯੁਕਤ ਵੱਲੋਂ ਅਧਿਆਪਕ ਪੰਕਜ ਸ੍ਰੀਵਾਸਤਵ, ਉਸ ਦੀ ਪਤਨੀ ਅਤੇ ਪਿਤਾ ਵਿਰੁੱਧ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਲੋਕਾਯੁਕਤ ਟੀਆਈ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਯੁਕਤ ਟੀਆਈ ਸਲੀਲ ਸ਼ਰਮਾ ਦਾ ਕਹਿਣਾ ਹੈ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਪੰਕਜ ਸ੍ਰੀਵਾਸਤਵ ਨਾਮ ਦੇ ਇੱਕ ਅਧਿਆਪਕ ਕੋਲ ਆਮਦਨੀ ਤੋਂ ਵੱਧ ਜਾਇਦਾਦ ਹੈ ਜਿਸਦੀ ਅਸੀਂ ਤਸਦੀਕ ਕੀਤੀ ਹੈ। ਜਦੋਂ ਅਸੀਂ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਇਸ ਦੌਰਾਨ 25 ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ। ਫਿਲਹਾਲ ਇਸ ਮਾਮਲੇ ‘ਚ ਜਾਂਚ ਜਾਰੀ ਹੈ।