Robbers uproot ATM of : ਕੋਰੋਨਾ ਮਾਹਮਾਰੀ ਦੇ ਚੱਲਦਿਆਂ ਪੁਲਿਸ ਆਮ ਜਨਤਾ ਵੱਲ ਰੁਝੀ ਹੋਈ ਹੈ, ਇਸ ਦਾ ਫਾਇਦਾ ਚੁੱਕਦੇ ਹੋਏ ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹਰਾਹ ‘ਤੇ ਸਥਿਤ ਡੇਰਾਬੱਸੀ ਨੇੜਲੇ ਪਿੰਡ ਦੱਪਰ ਵਿਖੇ ਬੀਤੀ ਰਾਤ ਚੋਰ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ ਮਸ਼ੀਨ ਜੜ੍ਹੋਂ ਪੁੱਟ ਕੇ ਫ਼ਰਾਰ ਹੋ ਗਏ ਹਨ ਅਤੇ ਕਿਸੇ ਨੂੰ ਕੰਨੋ-ਕੰਨ ਕਬਰ ਵੀ ਨਹੀਂ ਲੱਗਣ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ। ਏਟੀਐਮ ਵਿਚ ਲਗਭਗ 16 ਲੱਖ ਰੁਪਏ ਦਾ ਕੈਸ਼ ਸੀ।
ਇਸ ਸਬੰਧੀ ਬ੍ਰਾਂਚ ਮੈਨੇਜਰ ਅਖਿਲੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 3.15 ਵਜੇ ਮੁੰਬਈ ਹੈੱਡ ਆਫਿਸ ਤੋਂ ਏਟੀਐਮ ਚੋਰੀ ਹੋਣ ਸਬੰਧੀ ਫੋਨ ਆਇਆ ਸੀ। ਸਵਾ ਤਿੰਨ ਵਜੇ ਦੇ ਲਗਭਗ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਵੱਲੋਂ ਮੌਕੇ ਦਾ ਮੁਆਇਨਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਵੱਖ-ਵੱਖ ਟੀਮਾਂ ਬਣਾ ਕੇ ਇਲਾਕਿਆਂ ਵਿਚ ਲੁਟੇਰਿਆਂ ਦੀ ਭਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਚੋਰਾਂ ਨੇ ਸਭ ਤੋਂ ਪਹਿਲਾਂ ਏ.ਟੀ.ਐਮ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੋੜੇ, ਤਾਂਜੋ ਕੋਈ ਵੀ ਫੁਟੇਜ ਕੈਮਰੇ ਵਿਚ ਕੈਦ ਨਾ ਹੋ ਸਕੇ। ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੋਰ ਏਟੀਐੱਮ ਨੂੰ ਵਾਹਨ ‘ਚ ਲੱਦ ਕੇ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਹੋਣ ਕਾਰਨ ਸ਼ਾਮ ਨੂੰ ਏਟੀਐਮ ਦੇ ਸ਼ਟਰ ਬੰਦ ਕਰ ਦਿੱਤੇ ਜਾਂਦੇ ਹਨ। ਇਥੇ ਕੋਈ ਚੌਕੀਦਾਰ ਨਹੀਂ ਹੈ, ਜਿਸ ਦਾ ਫਾਇਦਾ ਚੁੱਕਦਿਆਂ ਪ੍ਰੋਫੈਸ਼ਨਲ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਚੋਰਾਂ ਵੱਲੋੰ ਇਸੇ ਬੈਂਕ ਦੇ ATM ਨੂੰ ਜੜ੍ਹੋਂ ਪੁੱਟ ਕੇ ਲੁੱਟ ਕੀਤੀ ਗਈ ਸੀ।